ਮੋਰਿੰਡਾ 10 ਅਕਤੂਬਰ ( ਭਟੋਆ )
ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਤੇ ਕਾਬੂ ਪਾਉਣ ਲਈ ਚਲਾਏ ਗਏ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਗੁਲਨੀਤ ਸਿੰਘ ਖੁਰਾਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀਮਤੀ ਰੁਪਿੰਦਰ ਕੌਰ ਸਰਾਂ ਐਸਪੀਡੀ ਅਤੇ ਸ਼੍ਰੀ ਜਤਿੰਦਰ ਸਿੰਘ ਮੱਲੀ ਡੀਐਸਪੀ ਮੋਰਿੰਡਾ ਦੀ ਦੇਖਰੇਖ ਹੇਠ ਚਲਾਏ ਗਏ ਸਰਚ ਅਭਿਆਨ ਤਹਿਤ ਮੋਰਿੰਡਾ ਪੁਲਿਸ ਨੇ ਇੱਕ ਨੌਜਵਾਨ ਨੂੰ 8.80 ਗਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਗੁਰਪ੍ਰੀਤ ਸਿੰਘ ਐਸ ਐਚ ਓ ਮੋਰਿੰਡਾ ਸਦਰ ਨੇ ਦੱਸਿਆ ਕਿ ਕਾਸੋ ਆਪਰੇਸ਼ਨ ਅਧੀਨ ਚਲਾਏ ਗਏ ਸਰਚ ਅਭਿਆਨ ਤਹਿਤ ਪੁਲਿਸ ਚੌਂਕੀ ਲੁਠੇੜੀ ਦੇ ਇੰਚਾਰਜ ਸੰਜੀਵ ਕੁਮਾਰ ਵੱਲੋਂ ਪੁਲਿਸ ਪਾਰਟੀ ਦੇ ਸਹਿਯੋਗ ਨਾਲ ਸਮਾਜ ਵਿਰੋਧੀ ਅਨਸਰਾਂ, ਨਸ਼ਾ ਤਸਕਰਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਪਿੰਡ ਰਾਮਗੜ੍ਹ ਦੇ ਨਹਿਰੀ ਪੁਲ ਹੇਠ ਨਾਕੇਬੰਦੀ ਕੀਤੀ ਹੋਈ ਸੀ ਤਾਂ ਪਿੰਡ ਲੁਠੇੜੀ ਦੀ ਤਰਫੋਂ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ ਜਿਹੜਾ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਆਪਣੀ ਪੈਂਟ ਦੀ ਜੇਬ ਵਿੱਚੋਂ ਇੱਕ ਪਾਰਦਰਸ਼ੀ ਲਿਫਾਫਾ ਕੱਢ ਕੇ ਸੜਕ ਕਿਨਾਰੇ ਸੁੱਟ ਕੇ ਭੱਜਣ ਲੱਗਾ। ਜਿਸ ਨੂੰ ਏਐਸਸੀ ਸੰਜੀਵ ਕੁਮਾਰ ਵੱਲੋਂ ਸਾਥੀ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਗਿਆ ਅਤੇ ਜਦੋਂ ਉਸ ਵੱਲੋਂ ਸੁੱਟੇ ਗਏ ਲਿਫਾਫੇ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ 8.80 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਕੜੇ ਗਏ ਦੋਸ਼ੀ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਪਿੰਡ ਲੁਠੇੜੀ ਥਾਣਾ ਮੋਰਿੰਡਾ ਜਿਲਾ ਰੂਪਨਗਰ ਵਜੋਂ ਹੋਈ ਹੈ। ਜਿਸ ਵਿਰੁੱਧ ਐਨਡੀਪੀਐਸ ਐਕਟ ਦੀ ਧਾਰਾ 22/61/85 ਅਧੀਨ ਮੁਕਦਮਾ ਨੰਬਰ 62 ਦਰਜ ਕਰਕੇ ਅਗਲੇਰੀ ਅਦਾਲਤੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸੇ ਤਰ੍ਹਾਂ ਸ੍ਰੀ ਚਮਕੌਰ ਸਾਹਿਬ ਪੁਲਿਸ ਵੱਲੋਂ ਵੀ ਕਾਸੋ ਆਪਰੇਸ਼ਨ ਅਧੀਨ ਚਲਾਈ ਗਈ ਤਲਾਸ਼ੀ ਮੁਹਿੰਮ ਤਹਿਤ ਥਾਣੇਦਾਰ ਰਣਜੀਤ ਸਿੰਘ ਤੇ ਪਾਰਟੀ ਵੱਲੋਂ ਅਨਾਜ ਮੰਡੀ ਨੇੜੇ ਸਥਿਤ ਵਾਰਡ ਨੰਬਰ ਪੰਜ ਵਿੱਚੋਂ ਸੁਮਿਤਪ੍ਰੀਤ ਸਿੰਘ ਉਰਫ ਸਨਾ ਪੁੱਤਰ ਹਰਭਜਨ ਸਿੰਘ ਦੀ ਅਲਮਾਰੀ ਵਿੱਚੋਂ ਅੱਠ ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਕਰਕੇ ਦੋਸ਼ੀ ਵਿਰੁੱਧ ਵੱਖ ਵੱਖ ਧਾਰਾਵਾਂ ਅਧੀਨ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।