ਮਾਨਸਾ, 10 ਅਕਤੂਬਰ: ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਅੰਦਰ 12 ਅਕਤੂਬਰ, 2024 ਨੂੰ ਦੁਸ਼ਹਿਰੇ ਦੇ ਤਿਉਹਾਰ ’ਤੇ ਸ਼ਾਮ 06 ਵਜੇ ਤੋਂ ਸ਼ਾਮ 07 ਵਜੇ ਤੱਕ, 31 ਅਕਤੂਬਰ, 2024 ਨੂੰ ਦੀਵਾਲੀ ਵਾਲੀ ਰਾਤ 08 ਵਜੇ ਤੋਂ ਰਾਤ 10 ਵਜੇ, 15 ਨਵੰਬਰ 2024 ਨੂੰ ਗੁਰਪੁਰਬ ਦੇ ਮੌਕੇ ’ਤੇ ਸਵੇਰੇ 04 ਵਜੇ ਤੋਂ ਸਵੇਰੇ 05 ਵਜੇ ਤੱਕ (ਇਕ ਘੰਟਾ), ਰਾਤ 09 ਵਜੇ ਤੋਂ ਰਾਤ 10 ਵਜੇ ਤੱਕ (ਇਕ ਘੰਟਾ) ਅਤੇ ਕ੍ਰਿਸਮਿਸ/ਨਵਾਂ ਸਾਲ ਮੌਕੇ ਰਾਤ 11:55 ਵਜੇ ਤੋਂ ਸਵੇਰ 12:30 ਵਜੇ ਤੱਕ ਪਟਾਖ਼ੇ ਚਲਾਉਣ ਦਾ ਸਮਾਂ ਨਿਰਧਾਰਤ ਕੀਤਾ ਹੈ।
ਹੁਕਮ ਵਿਚ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਦੁਸ਼ਹਿਰਾ/ਦੀਵਾਲੀ ਦਾ ਤਿਉਹਾਰ ਗੁਰਪੁਰਬ/ਕ੍ਰਿਸਮਿਸ/ਨਵਾਂ ਸਾਲ ਮਨਾਉਣ ਲਈ ਆਮ ਤੌਰ ’ਤੇ ਪਬਲਿਕ ਵੱਲੋਂ ਪਟਾਖੇ, ਆਤਿਸ਼ਬਾਜ਼ੀ ਆਦਿ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਨਾਲ ਆਵਾਜ਼ੀ ਅਤੇ ਵਾਤਾਵਰਣ ਪ੍ਰਦੂਸ਼ਣ ਫੈਲਦਾ ਹੈ। ਇਸ ਦੇ ਲਈ ਇੰਨ੍ਹਾਂ ਤਿਉਹਾਰਾਂ ਮੌਕੇ ਪਟਾਖੇ ਚਲਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੇਕਰ ਪਟਾਖੇ ਚਲਾਉਣ ਦੇ ਸਮੇਂ ਵਿਚ ਮਾਨਯੋਗ ਸੁਪਰੀਮ ਕੋਰਟ/ਪੰਜਾਬ ਵਾ ਹਰਿਆਣਾ ਹਾਈਕੋਰਟ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਉਸ ਤਬਦੀਲੀ ਅਨੁਸਾਰ ਹੀ ਪਟਾਖੇ ਚਲਾਏ ਜਾ ਸਕਣਗੇ, ਜਿਸ ਸਬੰਧੀ ਵੱਖਰੇ ਤੌਰ ’ਤੇ ਕੋਈ ਹੁਕਮ ਜਾਰੀ ਨਹੀਂ ਕੀਤਾ ਜਾਵੇਗਾ।
ਇਹ ਹੁਕਮ 31 ਦਸੰਬਰ, 2024 ਤੱਕ ਲਾਗੂ ਰਹੇਗਾ।