ਮਾਛੀਵਾੜਾ, 10 ਅਕਤੂਬਰ, ਦੇਸ਼ ਕਲਿਕ ਬਿਊਰੋ:
ਮਾਛੀਵਾੜਾ ਸਾਹਿਬ ਨੇੜਲੇ ਪਿੰਡ ਪੰਜੇਟਾ ਵਿਖੇ ਜੱਜ ਦੇ ਗੰਨਮੈਨ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਗੁਆਂਢੀ ਪਿਓ-ਪੁੱਤ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ ਅਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ। ਜ਼ਖਮੀ ਪਿਓ-ਪੁੱਤ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਦਾਖਲ ਕਰਵਾਇਆ ਗਿਆ। ਜ਼ਖ਼ਮੀਆਂ ਦੀ ਪਛਾਣ ਜਗਦੀਪ ਸਿੰਘ ਅਤੇ ਉਸ ਦੇ ਪੁੱਤਰ ਰਮਨਪ੍ਰੀਤ ਸਿੰਘ ਵਾਸੀ ਪੰਜੇਟਾ ਵਜੋਂ ਹੋਈ ਹੈ।ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਵਿੱਤਰ ਸਿੰਘ ਉਸ ਦਾ ਗੁਆਂਢੀ ਹੈ। ਜੋ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਹੈ ਅਤੇ ਸਮਰਾਲਾ ਵਿੱਚ ਤਾਇਨਾਤ ਇੱਕ ਜੱਜ ਦਾ ਗੰਨਮੈਨ ਹੈ। ਰਮਨਪ੍ਰੀਤ ਅਨੁਸਾਰ ਉਹ ਆਪਣੇ ਦੋਸਤ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਪਵਿਤਰ ਸਿੰਘ ਨੇ ਉਸ ਨੂੰ ਕਾਰ ਨਾਲ ਟੱਕਰ ਮਾਰ ਕੇ ਖੇਤਾਂ ‘ਚ ਸੁੱਟ ਦਿੱਤਾ ਅਤੇ ਫਿਰ ਦੋ ਗੋਲੀਆਂ ਚਲਾ ਦਿੱਤੀਆਂ।ਇਸ ਤੋਂ ਬਾਅਦ ਪਵਿਤਰ ਸਿੰਘ ਫਰਾਰ ਹੋ ਗਿਆ। ਜਦੋਂ ਉਹ ਖੇਤਾਂ ‘ਚ ਆਪਣੇ ਪਿਤਾ ਜਗਦੀਪ ਸਿੰਘ ਕੋਲ ਗਿਆ ਤਾਂ ਉਸ ਦਾ ਪਿਤਾ ਉਸ ਨੂੰ ਹਸਪਤਾਲ ਲੈ ਕੇ ਜਾਣ ਲੱਗਾ ਤਾਂ ਰਸਤੇ ‘ਚ ਪਵਿਤਰ ਸਿੰਘ ਨੇ ਫਿਰ ਉਸ ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।ਦੋਵੇਂ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਕੂੰਮਕਲਾਂ ਦੇ ਐਸਐਚਓ ਜਗਦੇਵ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Published on: ਅਕਤੂਬਰ 10, 2024 5:05 ਬਾਃ ਦੁਃ