ਮਾਨਸਿਕ ਰੋਗ ਵੀ ਸਰੀਰਕ ਰੋਗਾਂ ਵਾਂਗ ਇਲਾਜਯੋਗ ਹਨ: ਡਾ ਪਰਮਜੀਤ ਬਰਾੜ
ਫ਼ਰੀਦਕੋਟ,10 ਅਕਤੂਬਰ, ਦੇਸ਼ ਕਲਿੱਕ ਬਿਓਰੋ
ਜਿਲ੍ਹਾ ਸਿਹਤ ਵਿਭਾਗ ਫ਼ਰੀਦਕੋਟ ਵੱਲੋਂ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਦੀ ਪ੍ਰਧਾਨਗੀ ਵਿੱਚ ਓਟ ਕਲੀਨਿਕ ਸਿਵਲ ਹਸਪਤਾਲ ਫ਼ਰੀਦਕੋਟ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਪ੍ਰਾਪਤ ਥੀਮ ” ਕੰਮ ਕਰਨ ਵਾਲੇ ਸਥਾਨ ਤੇ ਮਾਨਸਿਕ ਸਿਹਤ ਨੂੰ ਤਰਜੀਹ” ਤਹਿਤ ਜਾਗਰੂਕਤਾ ਸਮਾਗਮ ਕਰਵਾਇਆ ਗਿਆ।
ਵਿਸ਼ਵ ਮਾਨਸਿਕ ਸਿਹਤ ਦਿਵਸ ਤੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਚੰਦਰ ਸ਼ੇਖਰ ਨੇ ਦੱਸਿਆ ਕਿ ਇਹ ਦਿਨ ਮਨਾਉਣ ਦਾ ਮਕਸਦ ਹੈ ਕਿ ਲੋਕਾਂ ਨੂੰ ਮਾਨਸਿਕ ਰੋਗਾਂ ਸਬੰਧੀ ਜਾਗਰੂਕ ਕਰਨਾ ਹੈ। ਇਨ੍ਹਾਂ ਰੋਗਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਨ੍ਹਾਂ ਰੋਗਾਂ ਦਾ ਇਲਾਜ ਕਿਹੜੇ ਹਸਪਤਾਲਾਂ ਵਿੱਚ ਉਪਲਬਧ ਹੈ, ਬਾਰੇ ਜਾਗਰੂਕ ਕਰਨਾ ਹੈ। ਉਹਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਮਾਨਸਿਕ ਰੋਗਾਂ ਸਬੰਧੀ ਵਿਸ਼ਵ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਮੁਹਿੰਮ ਵਿੱਢੀ ਗਈ ਹੈ। ਉਨਾ ਕਿਹਾ ਇਸ ਵਾਰ ਕਿਸੇ ਸਰਕਾਰੀ ਜਾਂ ਪ੍ਰਾਇਵੇਟ ਅਦਾਰੇ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਦੀ ਮਾਨਸਿਕ ਸਿਹਤ ਨੂੰ ਬੜਾਵਾ ਦੇਣਾ ਹੈ ਤਾਂ ਜੋ ਉਹ ਆਪਣੇ ਕੰਮ ਨੂੰ ਸੁਚੱਜੇ ਤਰੀਕੇ ਨਾਲ ਨਿਭਾਅ ਸਕਣ ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਪਰਮਜੀਤ ਬਰਾੜ ਨੇ ਸੰਬੋਧਤ ਕਰਦਿਆਂ ਕਿਹਾ ਕਿ ਮਾਨਸਿਕ ਬਿਮਾਰੀ ਤੋਂ ਪੀੜਤ ਲੋਕ ਸੰਸਾਰ ਦੇ ਹਰੇਕ ਦੇਸ ਵਿੱਚ ਮਿਲਦੇ ਹਨ। ਇਸ ਦਾ ਮੁੱਖ ਕਾਰਣ ਮਾੜੀ ਸਿਹਤ, ਘਰਾਂ ਵਿੱਚ ਵੱਧ ਰਹੀਆਂ ਲੜਾਈਆਂ, ਨਸ਼ਾ, ਘੱਟ ਸੌਣਾ, ਮਾੜੀ ਸੰਗਤ ਆਦਿ ਹਨ। ਮਾਨਸਿਕ ਰੋਗ ਹਰੇਕ ਉਮਰ ਦੇ ਲੋਕਾਂ ਨੂੰ ਹੋ ਸਕਦਾ ਹੈ ਅਤੇ ਇਹ ਬਿਮਾਰੀ ਇਲਾਜਯੋਗ ਹੈ। ਮਾਨਸਿਕ ਰੋਗ ਮਾਨਸਿਕ ਤਨਾਓ ਹੋਣ ਤੇ ਸਾਨੂੰ ਆਪਣੇ ਸਕੇ ਸਬੰਧੀਆਂ ਜਾਂ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਬਿਨਾਂ ਕਿਸੇ ਝਿਜ਼ਕ ਅਤੇ ਡਰ ਤੋਂ ਨੇੜੇ ਦੇ ਮਨੋਰੋਗ ਮਾਹਿਰ ਦੀ ਸਲਾਹ ਨਾਲ ਇਲਾਜ ਕਰਵਾਉਣਾ ਚਾਹੀਦਾ ਹੈ।
ਸਾਈਕੋਲੋਜਿਸਟ ਖੁਸਪ੍ਰੀਤ ਕੌਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸਾਡੇ ਪਰਿਵਾਰ, ਰਿਸ਼ਤੇਦਾਰਾਂ ਮਿੱਤਰਾਂ ਜਾਂ ਸਮਾਜ ਵਿੱਚ ਕਿਸੇ ਵੀ ਇਨਸਾਨ ਨੂੰ ਜਿਆਦਾ ਤਨਾਓ ਮਹਿਸੂਸ ਹੋਣ, ਮਾਨਸਿਕ ਰੋਗ ਹੋਣਾ, ਬਿਨਾ ਵਜ੍ਹਾ ਸ਼ੱਕੀ ਹੋਣਾ, ਡਰ ਲੱਗਣਾ ਜਾਂ ਕਿਸੇ ਕਿਸਮ ਦੇ ਨਸ਼ੇ ਦਾ ਸਿਕਾਰ ਹੋ ਚੁੱਕੇ ਹੋਣ ਤਾਂ ਉਹਨਾ ਨਾਲ ਹਮਦਰਦੀ ਭਰਿਆ ਵਤੀਰਾਂ ਰੱਖਣਾ ਚਾਹੀਦਾ ਹੈ।ਮਾਨਸਿਕ ਰੋਗਾ ਇਲਾਜ ਵੀ ਸਰੀਰਕ ਰੋਗਾਂ ਦੀ ਤਰਾਂ ਦਵਾਈ ਨਾਲ ਬਿਲਕੁੱਲ ਠੀਕ ਕੀਤਾ ਜਾ ਸਕਦਾ ਹੈ ਪ੍ਰੰਤੂ ਸਾਨੂੰ ਇਲਾਜ ਵਿੱਚ ਦੇਰੀ ਨਹੀ ਕਰਨੀ ਚਾਹੀਦੀ ,ਸਾਨੂੰ ਕਿਸੇ ਵੀ ਨੀਮ ਹਕੀਮਾਂ, ਸਿਆਣਿਆ, ਜਾਦੂ ਟੂਣਿਆ, ਜੰਤਰਾਂ ਮੰਤਰਾਂ, ਪਖੰਡੀਆਂ ਬਾਬਿਆਂ, ਅੰਧ ਵਿਸ਼ਵਾਸ, ਭੂਤ ਪ੍ਰੇਤਾਂ ਦਾ ਡਰ ਪੈਦਾ ਕਰਨ ਵਾਲੇ ਲਾਲਚੀ ਲੋਕਾਂ ਤੋਂ ਤੋਬਾ ਕਰਨੀ ਚਾਹੀਦੀ ਹੈ।
ਬਲਵਿੰਦਰ ਸਿੰਘ ਸਾਈਕੈਟਰਿਕ ਸ਼ੋਸਲ ਵਰਕਰ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਨਸੀਕ ਅਤੇ ਉਦਾਸੀ ਰੋਗ ਨੂੰ ਛੁਪਾਉਣਾ ਨਹੀ ਚਾਹੀਦਾ। ਇਸ ਬਾਰੇ ਸਕੇ ਸਬੰਧੀਆਂ ਨਾਲ ਗੱਲਬਾਤ ਕਰਕੇ ਇਸ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਉਦਾਸੀ ਰੋਗ ਕਾਰਣ ਇਨਸਾਨ ਵਿੱਚ ਆਤਮ ਹੱਤਿਆ ਦੇ ਵਿਚਾਰ, ਵਿਵਹਾਰ ਵਿੱਚ ਤਬਦੀਲੀ, ਚੁੱਪ ਰਹਿਣਾ, ਕੰਮ ਕਾਜ ਵਿੱਚ ਦਿਲ ਚਸਪੀ ਨਾ ਹੋਣਾ ਆਦਿ ਤੋਂ ਪ੍ਰਭਾਵਿਤ ਹੁੰਦੇ ਹਨ। ਰੋਜਾਨਾ ਜਿੰਦਗੀ ਵਿੱਚ ਅਗਾਂਹ ਵਧੂ ਵਿਚਾਰਾਂ ਨਾਲ ਵਿਚਰੋ। ਪੰਜਾਬ ਸਰਕਾਰ ਵੱਲੋਂ ਸਾਰੇ ਹਸਪਤਾਲਾਂ ਵਿੱਚ ਦਵਾਈਆਂ ਮੁਫਤ ਉਪਲਬਧ ਹਨ।ਸਾਨੂੰ ਆਪਣੇ ਬੱਚਿਆ ਅਤੇ ਪਰਿਵਾਰ ਨੂੰ ਵੱਧ ਤੋਂ ਵੱਧ ਸਮਾਂ ਦੇਣਾ ਚਾਹੀਦਾ ਹੈ, ਤਾਂ ਜੋ ਉਹਨਾਂ ਨੂੰ ਇਸ ਤਰ੍ਹਾਂ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ। ਇਸ ਮੌਕੇ ਡਾ ਮਨਪ੍ਰੀਤ ਕੌਰ,ਮੈਨੇਜਰ ਆਗਿਆਪਾਲ ਸਿੰਘ, ਕਾਊਸਲਰ ਮੌਨਿਕਾ ਚੌਧਰੀ,ਫਰਮਾਸਿਸਟ ਅੰਸ਼ੂ ਅਰੋੜਾ, ਲਵਪ੍ਰੀਤ ਸਿੰਘ ਸਟਾਫ ਨਰਸ, ਡੀ ਈ ਓ ਨਿਰਵੈਰ ਸਿੰਘ ਤੇ ਲਵਪ੍ਰੀਤ ਸਿੰਘ ਹਾਜਰ ਸਨ।