ਚੰਡੀਗੜ੍ਹ, 13 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਅੱਜ ਪੰਜਾਬ ਭਰ ਵਿੱਚ ਸੜਕਾਂ ਉਤੇ ਵੱਖ ਵੱਖ ਯੂਨੀਅਨਾਂ ਦੇ ਸੱਦੇ ਉਤੇ ਜਾਮ ਲਗਾਏ ਜਾਣਗੇ। ਜਾਮ ਦੇ ਚਲਦਿਆਂ ਲੋਕਾਂ ਨੂੰ ਜਾਮ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਸੰਯੁਕਤ ਕਿਸਾਨ ਮੋਰਚੇ , ਆੜਤੀਆ ਐਸੋਸੀਏਸ਼ਨ ਅਤੇ ਸ਼ੈਲਰ ਮਾਲਕ ਐਸੋਸੀਏਸ਼ਨ ਵੱਲੋਂ ਮੰਗਾਂ ਨੂੰ ਲੈ ਕੇ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਹੈ। ਅੱਜ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਸੜਕਾਂ ਉਤੇ ਜਾਮ ਲਗਾਇਆ ਜਾਵੇਗਾ।
ਬੀਤੇ ਦਿਨੀਂ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਹੋਏ ਕਿਸਾਨ ਜਥੇਬੰਦੀਆਂ, ਕਮਿਸ਼ਨ ਏਜੰਟਾਂ, ਮਜ਼ਦੂਰਾਂ ਅਤੇ ਮਿੱਲ ਐਸੋਸੀਏਸ਼ਨਾਂ ਦੀ ਸਾਂਝੀ ਮੀਟਿੰਗ ਵਿੱਚ ਅੱਜ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਸੀ। ਅੱਜ ਸੂਬੇ ਦੀਆਂ ਸਾਰੀਆਂ ਮੁੱਖ ਸੜਕਾਂ, ਸ਼ਹਿਰਾਂ, ਪੇਂਡੂ ਖੇਤਰਾਂ ਵਿੱਚ ਜਾਮ ਲਗਾ ਕੇ ਰੋਸ ਪ੍ਰਗਟ ਕੀਤਾ ਜਾਵੇਗਾ। ਇਹ ਵੀ ਕਿਹਾ ਗਿਆ ਸੀ ਕਿ ਜੇਕਰ ਝੋਨੇ ਦੀ ਦਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਨਾ ਬਣਾਇਆ ਗਿਆ ਤਾਂ 14 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।
Published on: ਅਕਤੂਬਰ 13, 2024 10:07 ਪੂਃ ਦੁਃ