ਵਿਧਾਇਕ ਕੁਲਵੰਤ ਸਿੰਘ ਨੂੰ ਮਿਲਣ ਪੁੱਜੇ ਮੋਹਾਲੀ ਦੇ ਪਿੰਡਾਂ ‘ਚ ਚੁਣੀਆਂ ਪੰਚਾਇਤਾਂ ਦੇ ਸਰਪੰਚ ਤੇ ਪੰਚ

ਚੋਣਾਂ

ਪਿੰਡਾਂ ਦੇ ਸਰਬ-ਪੱਖੀ ਵਿਕਾਸ ਲਈ ਦਿਲ ਖੋਲ ਕੇ ਗ੍ਰਾਂਟਾਂ ਦਿੱਤੀਆਂ ਜਾਣਗੀਆਂ: ਕੁਲਵੰਤ ਸਿੰਘ

ਵਿਧਾਇਕ ਨੇ ਸਰਪੰਚਾਂ ਅਤੇ ਪੰਚਾਂ ਨੂੰ ਆਪਣੇ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦੇਣ ਲਈ ਪ੍ਰੇਰਿਆ

ਐਸ.ਏ.ਐਸ ਨਗਰ, 16 ਅਕਤੂਬਰ, ਦੇਸ਼ ਕਲਿੱਕ ਬਿਓਰੋ

ਪੰਜਾਬ ਭਰ ‘ਚ 15 ਅਕਤੂਬਰ 2024 ਨੂੰ ਹੋਈਆਂ ਆਮ ਪੰਚਾਇਤੀ ਚੌਣਾਂ ‘ਚ ਵਿਧਾਨ ਸਭਾ ਹਲਕਾ ਐਸ.ਏ.ਐਸ. ਨਗਰ ਅਧੀਨ ਪੈਂਦੇ ਪਿੰਡਾਂ ਵਿਖੇ ਚੌਣਾਂ ਸ਼ਾਂਤੀਪੂਰਵਕ ਢੰਗ ਨਾਲ ਹੋਣ ਉਪਰੰਤ ਚੁਣੀਆਂ ਗਈਆਂ ਪੰਚਾਇਤਾਂ (ਸਰਪੰਚ ਅਤੇ ਪੰਚ) ਵੱਡੇ ਪੱਧਰ ‘ਤੇ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਨੂੰ ਮਿਲਣ ਲਈ ਪਹੁੰਚ ਰਹੀਆਂ ਹਨ।

ਅੱਜ ਦੁਪਿਹਰ ਤੱਕ ਪਿੰਡ ਮੌਲੀ ਬੈਦਵਾਣ, ਪੱਤੋਂ, ਰਾਏਪੁਰ ਕਲਾਂ, ਸਨੇਟਾ, ਲਾਂਡਰਾਂ, ਬੜਮਾਜਰਾ ਕਲੋਨੀ, ਜੁਝਾਰ ਨਗਰ, ਦੈੜੀ, ਗੁਡਾਣਾਂ, ਚਾਊ ਮਾਜਰਾ, ਮੋਟੇ ਮਾਜਰਾ, ਸੰਭਾਲਕੀ, ਸੁਖਗੜ੍ਹ ਅਤੇ ਬੈਂਰਮਪੁਰ ਦੀਆਂ ਚੁਣੀਆਂ ਪੰਚਾਇਤਾਂ ਦੇ ਮੈਂਬਰਾਂ ਅਤੇ ਇਨ੍ਹਾਂ ਪਿੰਡਾਂ ਦੇ ਵੱਡੀ ਗਿਣਤੀ ‘ਚ ਲੋਕਾਂ ਵੱਲੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਨੂੰ ਮਿਲ ਕੇ ਚੌਣਾਂ ਅਮਨ ਸ਼ਾਂਤੀ ਅਤੇ ਬਿਨ੍ਹਾਂ ਕਿਸੇ ਭੇਦਭਾਵ ਦੇ ਕਰਵਾਉਣ ਲਈ ਸਰਕਾਰ ਖਾਸ ਕਰਕੇ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ ਹੈ ।

ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਹਲਕਾ ਐਸ.ਏ.ਐਸ. ਨਗਰ ਅਧੀਨ ਪੈਂਦੇ 73 ਪਿੰਡਾਂ ‘ਚੋਂ 70 ਪਿੰਡਾਂ ‘ਚ ਚੌਣ ਹੋਈ। ਜਿਸ ‘ਚੋਂ 11 ਪੰਚਾਇਤਾਂ ਸਰਬਸੰਮਤੀ ਨਾਲ, 4 ਪਿੰਡਾਂ ‘ਚ ਸਰਪੰਚ ਸਰਬਸੰਮਤੀ ਨਾਲ ਅਤੇ 471 ਪੰਚਾਂ ‘ਚੋਂ 191 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ, ਜੋ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਪਹਿਲੀ ਵਾਰ ਹੋਇਆ ਹੈ ਕਿ ਇੰਨੀ ਵੱਡੀ ਗਿਣਤੀ ‘ਚ ਪੰਚ ਅਤੇ ਸਰਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ।

ਉਨ੍ਹਾਂ ਕਿਹਾ ਇਹ ਗਿਣਤੀ ਹੋਰ ਵੀ ਵੱਧ ਹੋਣੀ ਸੀ ਪ੍ਰੰਤੂ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸਾਜ਼ਿਸ਼ ਤਹਿਤ ਸਬੰਧਤ ਪਿੰਡਾਂ ‘ਚ ਆਪਣੇ 1—1, 2—2 ਬੰਦੇ ਖੜ੍ਹੇ ਕਰ ਦਿੱਤੇ, ਜਿਸ ਕਾਰਨ ਕਾਫ਼ੀ ਪਿੰਡਾਂ ‘ਚ ਸਰਬਸੰਮਤੀਆਂ ਨਹੀ ਹੋ ਸਕੀਆਂ। ਜਿਨ੍ਹਾਂ ਪਿੰਡਾਂ ‘ਚ ਚੌਣਾਂ ਦੀ ਜਰੂਰਤ ਪਈ ਉੱਥੇ ਲੋਕਾਂ ਵੱਲੋਂ ਆਪਸੀ ਭਾਈਚਾਰੇ ਦਾ ਸਬੂਤ ਦਿੰਦੇ ਹੋਏ ਵੋਟਾਂ ਦਾ ਕੰਮ ਅਮਨ ਸ਼ਾਂਤੀ ਨਾਲ ਨਿਪਟਾਇਆ।

ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਜਿੱਤੇ ਹੋਏ ਉਮੀਦਵਾਰਾਂ ਨੂੰ ਵਧਾਈ ਦਿੱਤੀ, ਉੱਥੇ ਉਨ੍ਹਾਂ ਨੂੰ ਪਿੰਡਾਂ ‘ਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਸਮੂਹ ਵੋਟਰਾਂ ਅਤੇ ਆਮ ਨਾਗਰਿਕਾਂ ਦਾ ਵੀ ਧੰਨਵਾਦ ਕੀਤਾ। ਸ. ਕੁਲਵੰਤ ਸਿੰਘ ਨੇ ਚੌਣ ਨਤੀਜੇ ਆਉਣ ਤੋਂ ਬਾਅਦ ਉਨ੍ਹਾਂ ਦੇ ਦਫਤਰ ਪੁੱਜੇ ਵੱਡੀ ਗਿਣਤੀ ਸਰਪੰਚਾਂ ਅਤੇ ਪੰਚਾਂ ਨੂੰ ਆਪਣੇ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦੇਣ ਲਈ ਪ੍ਰੇਰਿਆ।

ਉਨ੍ਹਾਂ ਕਿਹਾ ਕਿ ਸਰਪੰਚ ਕਿਸੇ ਇੱਕ ਪਾਰਟੀ ਦਾ ਨਹੀ ਹੁੰਦਾ ਸਗੋਂ ਉਹ ਪੂਰੇ ਪਿੰਡ ਦਾ ਸਰਪੰਚ ਹੁੰਦਾ ਹੈ। ਇਸ ਲਈ ਪਾਰਦਰਸ਼ਤਾ ਦੇ ਨਾਲ ਪਿੰਡ ਵਿੱਚ ਵਿਕਾਸ ਦੇ ਨਾਲ—ਨਾਲ ਆਪਸੀ ਭਾਈਚਾਰਾ ਵੀ ਮਜਬੂਤ ਬਣਾਇਆ ਜਾਵੇ ਅਤੇ ਪਿੰਡ ਵਾਸੀਆਂ ਨੂੰ ਵੱਧ ਤੋਂ ਵੱਧ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵੱਲ ਧਿਆਨ ਦਿੱਤਾ ਜਾਵੇ।

ਸ. ਕੁਲਵੰਤ ਸਿੰਘ ਨੇ ਨਵੀਆਂ ਚੁਣੀਆਂ ਗਈਆਂ ਨੂੰ ਇਹ ਭਰੋਸਾ ਦਿੱਤਾ ਕਿ ਪਿੰਡਾਂ ਦੇ ਸਰਬ ਪੱਖੀ ਵਿਕਾਸ ਲਈ ਦਿਲ ਖੋਲ ਕੇ ਗ੍ਰਾਂਟਾਂ ਦਿੱਤੀਆਂ ਜਾਣਗੀਆਂ ਅਤੇ ਮੌਜੂਦਾ ਸਮੇਂ ਵਿੱਚ ਚੱਲ ਰਹੇ ਕਾਰਜਾਂ ਨੂੰ ਮਿਥੇ ਸਮੇਂ ‘ਚ ਮੁਕੰਮਲ ਕੀਤਾ ਜਾਵੇਗਾ ਅਤੇ ਨਵੇਂ ਕੰਮਾਂ ਦੇ ਐਸਟੀਮੇਟ ਤਿਆਰ ਕਰਕੇ ਲੋੜੀਂਦੇ ਫੰਡ ਜੁਟਾਉਣ ਲਈ ਸਰਕਾਰ ਨੂੰ ਰਿਪੋਰਟ ਭੇਜੀ ਜਾਵੇਗੀ।

ਇਸ ਮੌਕੇ ਤੇ ਸ. ਸਰਬਜੀਤ ਸਿੰਘ ਮਿਉਂਸੀਪਲ ਕੌਂਸਲਰ, ਸ. ਕੁਲਦੀਪ ਸਿੰਘ ਸਮਾਣਾਂ, ਡਾ. ਐਸ.ਐਸ. ਭੰਵਰਾ, ਸ. ਪਰਮਜੀਤ ਸਿੰਘ, ਸ. ਜਸਪਾਲ ਸਿੰਘ, ਸ. ਹਰਪਾਲ ਸਿੰਘ ਚੰਨਾ, ਸ. ਹਰਮੇਸ਼ ਸਿੰਘ ਕੁੰਬੜਾ, ਸ. ਸੁਖਮਿੰਦਰ ਸਿੰਘ ਬਰਨਾਲਾ, ਸ. ਅਕਬਿੰਦਰ ਸਿੰਘ ਗੋਸਲ, ਸ. ਅਵਤਾਰ ਸਿੰਘ ਮੌਲੀ ਬੈਦਵਾਣ, ਸ. ਆਰ.ਪੀ. ਸ਼ਰਮਾ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਹਾਜਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।