ਬਾਰ ਐਸੋਸੀਏਸ਼ਨ ਰੂਪਨਗਰ ਦੇ ਸਾਬਕਾ ਪ੍ਰਧਾਨ ਐਡਵੋਕੇਟ ਹਰਦੀਪ ਸਿੰਘ ਬਾਸੀ ਸ਼ੱਕੀ ਹਾਲਾਤ ‘ਚ ਗੁੰਮ

ਪੰਜਾਬ

ਮੋਰਿੰਡਾ 21 ਨਵੰਬਰ ( ਭਟੋਆ )

ਮੋਰਿੰਡਾ ਸ਼ਹਿਰ ਦੇ ਰਹਿਣ ਵਾਲੇ ਅਤੇ ਬਾਰ ਐਸੋਸੀਏਸ਼ਨ ਜ਼ਿਲਾ ਰੂਪਨਗਰ ਦੇ ਸਾਬਕਾ ਪ੍ਰਧਾਨ ਐਡਵੋਕੇਟ ਹਰਦੀਪ ਸਿੰਘ ਬਾਸੀ ਦੇ  ਬੀਤੇ ਕੱਲ ਬਾਅਦ ਦੁਪਹਿਰ ਸ਼ੱਕੀ ਹਾਲਾਤਾਂ ਵਿੱਚ ਮੋਰਿੰਡਾ ਤੋਂ ਗੁੰਮ ਹੋ ਜਾਣ ਉਪਰੰਤ ਉਨਾ ਦੇ ਪਰਿਵਾਰਕ ਮੈਂਬਰ ਅਤੇ ਦੋਸਤ ਮਿੱਤਰ ਬੇਹੱਦ ਪ੍ਰੇਸ਼ਾਨ ਹਨ, ਜਦਕਿ ਉਹਨਾਂ ਦੇ ਮੋਬਾਈਲ ਫੋਨ ਵੀ ਘਰ ਵਿੱਚ ਹੀ ਮੌਜੂਦ ਹਨ । ਇਸ ਸਬੰਧੀ ਮੋਰਿੰਡਾ ਸ਼ਹਿਰੀ ਪੁਲਿਸ ਵੱਲੋਂ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਦਿਆਂ ਸਾਰੇ ਜਿਲਿਆਂ ਦੇ ਥਾਣਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ  ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸੁਨੀਲ ਕੁਮਾਰ ਐਸਐਚ ਓ ਮੋਰਿੰਡਾ ਸ਼ਹਿਰੀ ਨੇ ਦੱਸਿਆ ਕਿ ਐਡਵੋਕੇਟ ਹਰਦੀਪ ਸਿੰਘ ਬਾਸੀ ਦੀਆਂ ਬੀਤੇ ਕੱਲ 3.21 ਮਿੰਟ ਤੇ ਮੋਰਿੰਡਾ ਦੇ ਬੱਸ ਸਟੈਂਡ ਤੇ ਟਹਿਲਦਿਆਂ ਦੀਆਂ ਗਤੀਵਿਧੀਆਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਸਨ।  ਉਹਨਾਂ ਦੱਸਿਆ ਕਿ ਸੀਸੀ ਟੀਵੀ ਕੈਮਰਿਆਂ ਨੂੰ ਵੇਖਿਆ ਇਹ ਮਹਿਸੂਸ ਹੋ ਰਿਹਾ ਹੈ ਕਿ ਐਡਵੋਕੇਟ ਬਾਸੀ ਕਿਸੇ ਗੱਲ ਨੂੰ ਲੈ ਕੇ ਪਰੇਸ਼ਾਨੀ ਦੇ ਆਲਮ ਵਿੱਚ ਬਸ ਸਟੈਂਡ ਤੇ ਘੁੰਮ ਰਹੇ ਸਨ।  ਜਿਸ ਮਗਰੋਂ ਐਡਵੋਕੇਟ ਬਾਸੀ ਬਾਰੇ ਕੋਈ ਥਹੁ ਪਤਾ ਨਹੀਂ ਲੱਗ ਰਿਹਾ ਕਿ ਉਹ ਅਚਾਨਕ ਕਿੱਥੇ ਚਲੇ ਗਏ ਹਨ ? ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਥਾਣਾ ਮੁਖੀਆਂ ਨੂੰ ਸੂਚਿਤ ਕਰਕੇ ਐਡਵੋਕੇਟ ਬਾਸੀ ਦੀ ਭਾਲ ਲਈ ਕਿਹਾ ਗਿਆ ਹੈ ।

ਵਰਣਨਯੋਗ  ਹੈ ਕਿ ਐਡਵੋਕੇਟ ਹਰਦੀਪ ਸਿੰਘ ਬਾਸੀ ਵੱਲੋਂ 15 ਅਕਤੂਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਦੌਰਾਨ  ਆਪਣੇ ਜੱਦੀ ਪਿੰਡ ਬੱਤਾ ਵਿਖੇ ਸਰਪੰਚੀ ਦੀ ਚੋਣ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੀਤੀ ਗਈ ਧੱਕੇਸ਼ਾਹੀ ਖਿਲਾਫ ਆਵਾਜ਼ ਬੁਲੰਦ ਕੀਤੀ ਗਈ ਸੀ,  ਜਿਸ ਉਪਰੰਤ ਸ੍ਰੀ ਗੁਰੂ ਰਵਿਦਾਸ ਭਗਤ ਜੀ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਪਿੰਡ ਬੱਤਾ ਵਿਖੇ ਮੱਥਾ ਟੇਕਣ ਗਏ ਐਡਵੋਕੇਟ ਬਾਸੀ ਉੱਤੇ ਵਿਰੋਧੀ ਧਿਰ ਵੱਲੋਂ ਕਾਤਲਾਨਾ  ਹਮਲਾ ਕਰ ਦਿੱਤਾ ਗਿਆ ਸੀ , ਜਿਸ ਦੌਰਾਨ ਉਹਨਾਂ ਵੱਲੋ ਭੱਜ ਕੇ ਕਿਸੇ ਦੂਜੇ ਦੇ ਘਰ ਅੰਦਰ ਦਾਖਲ ਹੋ ਕੇ ਆਪਣੀ ਜਾਨ ਬਚਾਈ ਗਈ ਸੀ,  ਪ੍ਰੰਤੂ ਹਮਲਾਵਰਾਂ ਵੱਲੋਂ ਉਹਨਾਂ ਦੀ ਕੀਮਤੀ ਗੱਡੀ ਦੀ ਬਹੁਤ ਬੁਰੀ ਤਰ੍ਹਾਂ ਭੰਨ ਤੋੜ ਕਰ ਦਿੱਤੀ ਗਈ ਸੀ। ਉਹਨਾਂ ਉਸ ਵੇਲੇ ਵੀ ਪੰਜਾਬ ਪੁਲਿਸ ਤੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਮਾਲ ਦੀ ਰਾਖੀ ਲਈ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਸੀ ਅਤੇ ਇਸੇ ਮੰਗ ਨੂੰ ਲੈ ਕੇ ਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਾਉਣ ਦੀ ਲਈ ਬਾਰ ਐਸੋਸੀਏਸ਼ਨ ਜਿਲਾ ਰੂਪਨਗਰ  ਇੱਕ ਉੱਚ ਪੱਧਰੀ ਵਫਦ ਵੱਲੋਂ ਵੀ  ਜਿਲਾ ਮੋਹਾਲੀ ਦੇ ਐਸਐਸਪੀ ਨੂੰ ਮਿਲਿਆ ਗਿਆ ਸੀ। ਪ੍ਰੰਤੂ ਬੀਤੇ ਕੱਲ ਉਨਾਂ ਦੇ ਅਚਾਨਕ ਗੁੰਮ ਹੋ ਜਾਣ ਨਾਲ ਕਈ ਤਰਾਂ ਦੇ ਸਵਾਲ ਖੜੇ ਹੋ ਗਏ ਹਨ  ?

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।