15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਛੋਟਾ ਥਾਣੇਦਾਰ ਗ੍ਰਿਫ਼ਤਾਰ

ਪੰਜਾਬ

15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਛੋਟਾ ਥਾਣੇਦਾਰ ਗ੍ਰਿਫ਼ਤਾਰ

ਚੰਡੀਗੜ੍ਹ 29 ਜਨਵਰੀ: ਦੇਸ਼ ਕਲਿੱਕ ਬਿਓਰੋ

ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤਖੋਰੀ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਥਾਣਾ ਔੜ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਪ੍ਰਸ਼ੋਤਮ ਲਾਲ ਨੂੰ 30000 ਰੁਪਏ ਰਿਸ਼ਵਤ ਮੰਗਣ ਅਤੇ 15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਹ ਇਸ ਕੇਸ ਵਿੱਚ ਪਿਛਲੇ 4 ਮਹੀਨਿਆਂ ਤੋਂ ਆਪਣੀ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਸ਼ਿਕਾਇਤਕਰਤਾ ਦੇਵ ਰਾਜ ਵਾਸੀ ਪਿੰਡ ਗੁੜਾਪੜ, ਥਾਣਾ ਔੜ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਦਰਜ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਏ.ਐਸ.ਆਈ. ਉਸ ਖ਼ਿਲਾਫ਼ ਅਤੇ ਉਸ ਦੇ ਦੋ ਲੜਕਿਆਂ ਵਿਰੁੱਧ ਥਾਣਾ ਔੜ ਵਿਖੇ ਦਰਜ ਕੇਸ ਵਿੱਚ ਉਨ੍ਹਾਂ ਦੀ ਮਦਦ ਕਰਨ ਬਦਲੇ 30,000 ਰੁਪਏ ਰਿਸ਼ਵਤ ਮੰਗ ਰਿਹਾ ਹੈ। ਸ਼ਿਕਾਇਤਕਰਤਾ ਨੇ ਰਿਸ਼ਵਤ ਦੇ ਪੈਸੇ ਦਾ ਲੈਣ-ਦੇਣ ਸਬੰਧੀ ਉਕਤ ਏਐਸਆਈ ਪ੍ਰਸ਼ੋਤਮ ਲਾਲ ਨਾਲ ਵੱਖ-ਵੱਖ ਤਰੀਕਾਂ ‘ਤੇ ਹੋਈ ਗੱਲਬਾਤ ਵੀ ਰਿਕਾਰਡ ਕਰ ਲਈ ਸੀ।

ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਜਾਂਚ ਦੌਰਾਨ ਉਕਤ ਮੁਲਜ਼ਮ ਕਰਮਚਾਰੀ ਵੱਲੋਂ ਸ਼ਿਕਾਇਤਕਰਤਾ ਤੋਂ 30000 ਰੁਪਏ ਰਿਸ਼ਵਤ ਮੰਗਣ ਅਤੇ ਵੱਖ-ਵੱਖ ਤਰੀਕਾਂ ‘ਤੇ 15,000 ਰੁਪਏ ਰਿਸ਼ਵਤ ਲੈਣ ਸਬੰਧੀ ਲਗਾਏ ਗਏ ਦੋਸ਼ ਸਹੀ ਸਾਬਤ ਹੋਏ, ਜਿਸ ਉਪਰੰਤ ਮੁਲਜ਼ਮ ਏ.ਐਸ.ਆਈ. ਪ੍ਰਸ਼ੋਤਮ ਲਾਲ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 308(2) ਤਹਿਤ ਐਫਆਈਆਰ ਨੰਬਰ 22 ਮਿਤੀ 30.09.2024 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਕਤ ਮੁਲਜ਼ਮ ਏ.ਐਸ.ਆਈ. ਨੇ ਸ਼ਿਕਾਇਤਕਰਤਾ ਜ਼ਰੀਏ ਥਾਣਾ ਔੜ ਵਿਖੇ ਦਰਜ ਇੱਕ ਹੋਰ ਮੁਕੱਦਮਾ ਨੰਬਰ 50 ਮਿਤੀ 01.07.2024 ਦੇ ਮੁਲਜ਼ਮ ਅਮਨਪ੍ਰੀਤ ਉਰਫ਼ ਮਾਨੇ ਅਤੇ ਮੁਕੱਦਮਾ ਨੰਬਰ 58 ਮਿਤੀ 24.07.2024 ਦੇ ਮੁਲਜ਼ਮ ਜੋਗਾ ਰਾਮ ਅਤੇ ਹਰਜਿੰਦਰ ਕੌਰ ਤੋਂ ਵੀ ਰਿਸ਼ਵਤ ਲਈ ਸੀ।

ਦੱਸਣਯੋਗ ਹੈ ਕਿ ਮੁਲਜ਼ਮ ਏ.ਐਸ.ਆਈ. ਪ੍ਰਸ਼ੋਤਮ ਲਾਲ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।