ਯੂਨੀਵਰਸਿਟੀ ਵਲੋਂ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ, ਪ੍ਰੋਫੈਸਰ ਨੂੰ ਜਬਰੀ ਛੁੱਟੀ ‘ਤੇ ਭੇਜਿਆ
ਕੋਲਕਾਤਾ, 30 ਜਨਵਰੀ, ਦੇਸ਼ ਕਲਿਕ ਬਿਊਰੋ :
ਪੱਛਮੀ ਬੰਗਾਲ ਦੇ ਨਾਦੀਆ ਜ਼ਿਲੇ ‘ਚ ਇਕ ਮਨੋਵਿਗਿਆਨ ਪੜ੍ਹਾਉਣ ਵਾਲੀ ਪ੍ਰੋਫੈਸਰ ਦਾ ਕਲਾਸਰੂਮ ‘ਚ ਇਕ ਵਿਦਿਆਰਥੀ ਨਾਲ ਵਿਆਹ ਕਰਨ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਮਹਿਲਾ ਪ੍ਰੋਫੈਸਰ ਦੁਲਹਨ ਦੇ ਰੂਪ ਵਿੱਚ ਨਜ਼ਰ ਆ ਰਹੀ ਹੈ। ਜਦੋਂ ਕਿ ਉਸ ਦਾ ਵਿਦਿਆਰਥੀ ਹਿੰਦੂ ਬੰਗਾਲੀ ਵਿਆਹ ਦੀਆਂ ਸਿੰਦੂਰ ਦਾਨ ਵਰਗੀਆਂ ਰਸਮਾਂ ਨਿਭਾਉਂਦਾ ਨਜ਼ਰ ਆ ਰਿਹਾ ਹੈ। ਕੁਝ ਹੋਰ ਲੋਕ ਵੀ ਹਨ, ਜੋ ਫੋਨ ‘ਤੇ ਉਨ੍ਹਾਂ ਦੀਆਂ ਤਸਵੀਰਾਂ ਲੈਂਦੇ ਨਜ਼ਰ ਆ ਰਹੇ ਹਨ।
ਇਹ ਘਟਨਾ ਨਾਦੀਆ ਦੇ ਹਰੀਨਘਾਟਾ ਵਿੱਚ ਮੌਲਾਨਾ ਅਬੁਲ ਕਲਾਮ ਆਜ਼ਾਦ ਯੂਨੀਵਰਸਿਟੀ ਆਫ ਟੈਕਨਾਲੋਜੀ (MAKAUT) ਵਿੱਚ ਵਾਪਰੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਪਲਾਈਡ ਸਾਈਕੋਲੋਜੀ ਵਿਭਾਗ ਦੇ ਪ੍ਰੋਫੈਸਰ ਨੇ ਕਿਹਾ ਕਿ ਇਹ ਸਭ ਡਰਾਮਾ ਸੀ। ਜੋ ਕਿ ਕਲਾਸ ਦੇ ਹਿੱਸੇ ਵਜੋਂ ਕੀਤਾ ਗਿਆ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਹੰਗਾਮਾ ਹੋ ਗਿਆ ਤੇ ਯੂਨੀਵਰਸਿਟੀ ਨੇ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਨਾਲ ਹੀ ਜਾਂਚ ਪੂਰੀ ਹੋਣ ਤੱਕ ਪ੍ਰੋਫੈਸਰ ਨੂੰ ਜਬਰੀ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ।
