ਨਵੀਂ ਦਿੱਲੀ, 12 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ ‘ਤੇ ਹਮਲੇ ਦੀ ਧਮਕੀ ਦਿੱਤੀ ਗਈ ਹੈ। 11 ਫਰਵਰੀ ਨੂੰ ਮੁੰਬਈ ਪੁਲਸ ਕੰਟਰੋਲ ਰੂਮ ‘ਤੇ ਇਕ ਕਾਲ ਆਈ ਸੀ ਜਿਸ ‘ਚ ਚਿਤਾਵਨੀ ਦਿੱਤੀ ਗਈ ਸੀ ਕਿ ਅੱਤਵਾਦੀ ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ‘ਤੇ ਹਮਲਾ ਕਰ ਸਕਦੇ ਹਨ।
ਮੁੰਬਈ ਪੁਲਿਸ ਨੇ ਇਸ ਬਾਰੇ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਸੀ।ਹਾਲਾਂਕਿ ਅੱਜ ਬੁੱਧਵਾਰ ਨੂੰ ਪੁਲਸ ਨੇ ਚੇਂਬੂਰ ਇਲਾਕੇ ਤੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਮਾਨਸਿਕ ਰੋਗੀ ਹੈ।
ਪਿਛਲੇ 4 ਮਹੀਨਿਆਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਨਵੰਬਰ 2024 ਵਿੱਚ ਮੁੰਬਈ ਪੁਲਿਸ ਦੇ ਕੰਟਰੋਲ ਰੂਮ ਵਿੱਚ ਇੱਕ ਧਮਕੀ ਭਰੀ ਕਾਲ ਆਈ ਸੀ।
ਪੁਲੀਸ ਨੇ ਇਸ ਮਾਮਲੇ ਵਿੱਚ 34 ਸਾਲਾ ਔਰਤ ਨੂੰ ਹਿਰਾਸਤ ਵਿੱਚ ਲਿਆ ਸੀ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਔਰਤ ਮਾਨਸਿਕ ਤੌਰ ‘ਤੇ ਅਸਥਿਰ ਸੀ। ਉਸ ਨੇ ਪ੍ਰੈਂਕ ਕਾਲ ਕੀਤੀ ਸੀ। ਔਰਤ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ।
