ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਕੀਤੀ ਅਹਿਮ ਸੂਬਾ ਕਮੇਟੀ ਮੀਟਿੰਗ, ਮੰਤਰੀਆਂ ਤੇ ਵਿਧਾਇਕਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ

ਪੰਜਾਬ

ਪਟਿਆਲਾ, 25 ਫਰਵਰੀ, ਦੇਸ਼ ਕਲਿੱਕ ਬਿਓਰੋ :

ਐੱਨ.ਪੀ.ਐੱਸ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੰਘਰਸ਼ੀਲ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਸੁਤੰਤਰਤਾ ਸੈਨਾਨੀ ਹਾਲ ਮੋਗਾ ਵਿਖੇ ਸੂਬਾ ਕਮੇਟੀ ਮੀਟਿੰਗ ਕੀਤੀ ਗਈ ਅਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਤੋਂ ਪਾਸਾ ਵੱਟ ਚੁੱਕੀ ਪੰਜਾਬ ਸਰਕਾਰ ਖਿਲਾਫ ਸੰਘਰਸ਼ੀ ਵਿਉਂਤਬੰਦੀ ਉਲੀਕਦਿਆਂ ਅਹਿਮ ਫੈਸਲੇ ਕੀਤੇ ਗਏ।

       ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ, ਜ਼ੋਨ ਕਨਵੀਨਰਾਂ ਗੁਰਵਿੰਦਰ ਖਹਿਰਾ ਨੇ ਆਖਿਆ ਕਿ ਕੇਂਦਰ ਵੱਲੋਂ ਤਜੀਵਜਤ ਯੂੀਪੀਐੱਸ ਸਕੀਮ ਨੂੰ ਰੱਦ ਕਰਦਿਆਂ ਪੁਰਾਣੀ ਪੈਨਸ਼ਨ ਲਈ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 18 ਨਵੰਬਰ 2022 ਨੂੰ ਕੀਤੇ ਕਾਗਜ਼ੀ ਨੋਟੀਫਿਕੇਸ਼ਨ ਨੂੰ ਠੰਢੇ ਬਸਤੇ ਵਿੱਚ ਪਾ ਕੇ ਯੂਪੀਐੱਸ ਸਕੀਮ ਨੂੰ ਲਾਗੂ ਕਰਨ ਹਿੱਤ ਅਫਸਰਸ਼ਾਹੀ ਨੂੰ ਨਿਰਦੇਸ਼ ਦੇਣਾ ਜਿੱਥੇ ਮੁਲਾਜ਼ਮਾਂ ਨਾਲ਼ ਵੱਡਾ ਧੋਖਾ ਹੈ ਉੱਥੇ ਕੇਂਦਰ ਸਰਕਾਰ ਦੀ ਸੂਬਿਆਂ ਦੇ ਮਾਮਲਿਆਂ ਵਿੱਚ ਕੀਤੀ ਜਾ ਰਹੀ ਦਖਲਅੰਦਾਜ਼ੀ ਅੱਗੇ ਗੋਡੇ ਟੇਕਣਾ ਵੀ ਹੈ। ਜ਼ਿਕਰਯੋਗ ਹੈ ਕਿ ਪੈਨਸ਼ਨ ਸਟੇਟ ਸੂਚੀ ਵਿੱਚ ਸ਼ਾਮਲ ਹੈ ਜਿਸਦੇ ਬਾਰੇ ਫੈਸਲਾ ਲੈਣ ਦਾ ਅਖਤਿਆਰ ਸੂਬਾ ਸਰਕਾਰ ਕੋਲ਼ ਹੁੰਦਾ ਹੈ।ਪੰਜਾਬ ਸਰਕਾਰ ਦੀ ਵਾਅਦਾਖਿਲਾਫੀ ਖਿਲਾਫ ਪੈਨਸ਼ਨ ਦੇ ਮੁੱਦੇ ਤੇ ਆਉਣ ਵਾਲੇ ਬਜਟ ਸੈਸ਼ਨ ਦੌਰਾਨ ਸਮੂਹ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ 1 ਤੋਂ 7 ਮਾਰਚ ਤੱਕ ਮੰਗ ਪੱਤਰ ਦਿੱਤੇ ਜਾਣਗੇ ਅਤੇ ਮਜ਼ਦੂਰ ਦਿਵਸ ਮੌਕੇ ਸਾਰੇ ਪੰਜਾਬ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ/ ਦਫਤਰਾਂ ਅੱਗੇ ਇੱਕ ਦਿਨਾਂ ਧਰਨੇ ਦੇ ਕੇ ਭੁੱਖ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਬਜਟ ਸੈਸ਼ਨ ਦੌਰਾਨ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲੀ ਸਮੇਤ ਅਹਿਮ ਵਿੱਤੀ ਮੰਗਾਂ ਨੂੰ ਲੈ ਕੇ ਚਾਰ ਦਿਨ ਲਗਾਤਾਰ ਰੈਲੀਆਂ ਅਤੇ ਵਿਧਾਨ ਸਭਾ ਚੰਡੀਗੜ ਵੱਲ ਮਾਰਚ ਕਰਨ ਦੇ ਕੀਤੇ ਜਾ ਰਹੇ ਐਕਸ਼ਨਾਂ ਵਿੱਚ ਫਰੰਟ ਵੱਲੋਂ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਦੀ ਸ਼ਮੂਲੀਅਤ ਕਰਵਾਉਣ ਦਾ ਫੈਸਲਾ ਕੀਤਾ ਗਿਆ।

       ਫਰੰਟ ਦੇ ਆਗੂਆਂ ਇੰਦਰਸੁਖਦੀਪ ਸਿੰਘ ਅਤੇ ਦਲਜੀਤ ਸਫੀਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਯੂਪੀਐੱਸ ਦੇ ਨੋਟੀਫਿਕੇਸ਼ਨ ਨੂੰ ਪੰਜਾਬ ਸਰਕਾਰ ਪਿਛਲੇ ਸਮੇਂ ਵਿੱਚ ਵਿਚਾਰ ਅਧੀਨ ਹੋਣ ਅਤੇ ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਲਾਗੂ ਕਰਨ ਦੇ ਆਪਣੇ ਖੁਦ ਦੇ ਕੀਤੇ ਹੋਏ ਨੋਟੀਫਿਕੇਸ਼ਨ ਤੋਂ ਭੱਜਣ ਲਈ ਵਿਚਲਾ ਰਾਹ ਲੱਭ ਰਹੀ ਹੈ। ਜਿਸ ਦੇ ਖਿਲਾਫ ਫਰੰਟ ਵੱਲੋਂ ਜਿੱਥੇ ਪੈਨਸ਼ਨ ਲਈ ਬਣਾਏ ਸਾਂਝੇ ਥੜੇ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਨੂੰ ਮੁੜ ਸਰਗਰਮ ਕਰਨ ਦੇ ਯਤਨ ਜਾਰੀ ਰੱਖੇ ਜਾਣਗੇ ਉੱਥੇ ਅਪ੍ਰੈਲ ਮਹੀਨੇ ਵਿੱਚ ਦੁਬਾਰਾ ਸੂਬਾ ਕਮੇਟੀ ਮੀਟਿੰਗ ਕਰਕੇ ਸੂਬਾਈ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।

      ਇਸ ਮੌਕੇ ਡੀ.ਐੱਮ.ਐੱਫ ਦੇ ਸੂਬਾ ਸਕੱਤਰ ਹਰਦੀਪ ਟੋਡਰਪੁਰ ਸਮੇਤ ਜਸਵਿੰਦਰ ਸਿੰਘ, ਕੰਵਰਦੀਪ ਸਿੰਘ ਢਿੱਲੋਂ, ਅਮਰਜੀਤ ਸਿੰਘ, ਗੁਰਵਿੰਦਰ ਸਿੰਘ, ਮਨਜੀਤ ਸਿੰਘ ਦਸੂਹਾ, ਨਿਰਮਲ ਸਿੰਘ, ਅਮਰਦੀਪ ਸ਼ਰਮਾ, ਸਤਪਾਲ ਸਮਾਣਵੀ, ਰਮਨ ਸਿੰਗਲਾ, ਜਗਜੀਤ ਸਿੰਘ, ਅਮਰੀਕ ਸਿੰਘ, ਮਨਿੰਦਰ ਸਿੰਘ, ਰਜਿੰਦਰ ਗੁਰੂ, ਰਮਨ ਮਹਾਜਨ, ਰਜਿੰਦਰ ਸੈਣੀ, ਰਾਕੇਸ਼ ਕੁਮਾਰ, ਜਗਦੀਪ ਸਿੰਘ ਆਦਿ ਹਾਜ਼ਰ ਰਹੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।