ਚੰਡੀਗੜ੍ਹ, 3 ਮਾਰਚ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਸੈਕਟਰ-34 ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਜਾਅਲੀ ਟਿਕਟਾਂ ਦੇ ਕੇ 8.22 ਲੱਖ ਦੀ ਠਗੀ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਨੇ ਜੀਰਕਪੁਰ ਦੇ ਮਾਇਆ ਗਾਰਡਨ ਵਾਸੀ ਸੰਸਕਾਰ ਰਾਵਤ ਨੂੰ 98 ਟਿਕਟ ਦੇਣ ਦਾ ਵਾਅਦਾ ਕੀਤਾ ਸੀ, ਪਰ ਉਨ੍ਹਾਂ ਨੇ ਸਿਰਫ 8 ਟਿਕਟਾਂ ਦਿੱਤੀਆਂ, ਜੋ ਜਾਂਚ ਵਿੱਚ ਜਾਅਲੀ ਨਿਕਲੀਆਂ।
ਠਗੀ ਦਾ ਸ਼ਿਕਾਰ ਹੋਏ ਰਾਵਤ ਦੀ ਸ਼ਿਕਾਇਤ ’ਤੇ ਚੰਡੀਗੜ੍ਹ ਥਾਣਾ 17 ਦੀ ਪੁਲਿਸ ਨੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।ਮੁਲਜ਼ਮਾਂ ਦੀ ਪਹਿਚਾਣ ਚੰਡੀਗੜ੍ਹ ਸੈਕਟਰ 42 ਵਾਸੀ ਪਰਵ ਅਤੇ ਉਸ ਦੇ ਦੋਸਤ ਵਰਦਾਨ ਮਾਨ, ਵਿਨੀਤ ਪਾਲ, ਆਕਾਸ਼ਦੀਪ ਸਿੰਘ ਅਤੇ ਰੋਹਨ ਵਜੋਂ ਹੋਈ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਾਵਤ ਨੇ ਦੱਸਿਆ ਕਿ ਉਸ ਦੀ ਮੁਲਾਕਾਤ ਸੈਕਟਰ-42 ਵਾਸੀ ਪਰਵ ਕੁਮਾਰ ਨਾਲ ਹੋਈ ਸੀ। ਪਰਵ ਨੇ ਦੱਸਿਆ ਕਿ ਉਹ ਆਪਣੇ ਚਾਰ ਦੋਸਤਾਂ ਵਰਦਾਨ ਮਾਨ, ਵਿਨੀਤ ਪਾਲ, ਆਕਾਸ਼ਦੀਪ ਸਿੰਘ ਅਤੇ ਰੋਹਨ ਦੇ ਨਾਲ ਮਿਲ ਕੇ ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਟਿਕਟਾਂ ਵੇਚਣ ਦਾ ਕੰਮ ਕਰ ਰਿਹਾ ਹੈ।
ਗੱਲਬਾਤ ਤੋਂ ਬਾਅਦ ਸੰਸਕਾਰ ਰਾਵਤ ਨੇ 98 ਟਿਕਟ ਖਰੀਦਣ ਦਾ ਸੌਦਾ ਕੀਤਾ, ਜਿਸ ਵਿੱਚ 17 ਫੈਨਪਿਟ, 3 ਸਿਲਵਰ ਅਤੇ 78 ਗੋਲਡ ਟਿਕਟ ਸ਼ਾਮਲ ਸਨ। ਇਸ ਲਈ, ਉਸ ਨੇ 19 ਸਤੰਬਰ ਨੂੰ 96 ਹਜ਼ਾਰ ਰੁਪਏ ਆਨਲਾਈਨ ਟ੍ਰਾਂਸਫ਼ਰ ਕੀਤੇ।
ਰਾਵਤ ਨੇ ਦੱਸਿਆ ਕਿ 96 ਹਜ਼ਾਰ ਰੁਪਏ ਟਰਾਂਸਫਰ ਕਰਨ ਤੋਂ ਬਾਅਦ ਪਰਵ ਨੇ ਉਸ ਨੂੰ ਪੂਰਾ ਭੁਗਤਾਨ ਕਰਨ ਲਈ ਕਿਹਾ, ਜਿਸ ਤੋਂ ਬਾਅਦ ਉਸ ਨੇ 24 ਅਕਤੂਬਰ ਨੂੰ 40 ਹਜ਼ਾਰ ਰੁਪਏ ਹੋਰ ਜਮ੍ਹਾ ਕਰਵਾ ਦਿੱਤੇ। 9 ਅਕਤੂਬਰ ਤੱਕ, ਉਸਨੇ 7 ਲੱਖ ਰੁਪਏ ਆਨਲਾਈਨ ਟ੍ਰਾਂਸਫਰ ਕੀਤੇ। ਮੁਲਜ਼ਮਾਂ ਨੇ ਵਾਰ-ਵਾਰ ਟਿਕਟਾਂ ਦੇਣ ਦਾ ਵਾਅਦਾ ਕੀਤਾ ਪਰ ਜਦੋਂ ਵਰਦਾਨ ਮਾਨ 9 ਦਸੰਬਰ ਨੂੰ ਉਨ੍ਹਾਂ ਦੇ ਘਰ ਆਇਆ ਤਾਂ ਉਸ ਨੇ ਸਿਰਫ਼ 3 ਅਸਲੀ ਟਿਕਟਾਂ ਦਿੱਤੀਆਂ। 14 ਦਸੰਬਰ ਨੂੰ ਉਸ ਨੂੰ ਸੈਕਟਰ-17 ਦੇ ਬੱਸ ਸਟੈਂਡ ’ਤੇ ਬੁਲਾ ਕੇ 8 ਟਿਕਟਾਂ ਦਿੱਤੀਆਂ ਗਈਆਂ।
ਰਾਵਤ ਨੇ ਪੁਲੀਸ ਨੂੰ ਦੱਸਿਆ ਕਿ ਜਦੋਂ ਉਹ ਮੁਲਜ਼ਮਾਂ ਵੱਲੋਂ ਦਿੱਤੀਆਂ 8 ਟਿਕਟਾਂ ਲੈ ਕੇ ਸੈਕਟਰ-34 ਵਿੱਚ ਦਿਲਜੀਤ ਦੁਸਾਂਝ ਦੇ ਸ਼ੋਅ ਵਿੱਚ ਗਿਆ ਤਾਂ ਬਾਹਰੋਂ ਟਿਕਟ ਚੈਕਰ ਨੇ ਜਦੋਂ ਟਿਕਟਾਂ ਦੀ ਜਾਂਚ ਕੀਤੀ ਤਾਂ ਉਸ ਨੇ ਕਿਹਾ ਕਿ ਇਹ ਜਾਅਲੀ ਟਿਕਟਾਂ ਹਨ। ਉਸ ਨੇ ਵਾਰ-ਵਾਰ ਕਿਹਾ ਕਿ ਇਹ ਨਕਲੀ ਨਹੀਂ ਬਲਕਿ ਅਸਲੀ ਟਿਕਟਾਂ ਹਨ, ਪਰ ਉਸ ਨੂੰ ਸਾਹਮਣੇ ਤੋਂ ਜਵਾਬ ਮਿਲਿਆ ਕਿ ਕੀ ਮੈਂ ਪੁਲਿਸ ਨੂੰ ਬੁਲਾਵਾਂ? ਇਹ ਸੁਣ ਕੇ ਰਾਵਤ ਉਥੋਂ ਵਾਪਸ ਆ ਗਿਆ।



