ਗੱਤਕਾ ਪ੍ਰਮੋਟਰ ਹਰਜੀਤ ਸਿੰਘ ਗਰੇਵਾਲ ਨੇ ਐਡੀਸ਼ਨਲ ਡਾਇਰੈਕਟਰ ਵਜੋਂ ਤਰੱਕੀ ਪਿੱਛੋਂ ਅਹੁਦਾ ਸੰਭਾਲਿਆ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 26 ਮਾਰਚ, ਦੇਸ਼ ਕਲਿੱਕ ਬਿਓਰੋ

ਪੰਜਾਬ ਸਰਕਾਰ ਵੱਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਚੰਡੀਗੜ੍ਹ ਵਿਖੇ ਤਾਇਨਾਤ ਜੁਆਇੰਟ ਡਾਇਰੈਕਟਰ ਸਰਦਾਰ ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ, ਨੂੰ ਐਡੀਸ਼ਨਲ ਡਾਇਰੈਕਟਰ ਵਜੋਂ ਤਰੱਕੀ ਦਿੱਤੀ ਗਈ ਹੈ ਅਤੇ ਉਨ੍ਹਾਂ ਵਿਭਾਗ ਵੱਲੋਂ ਜਾਰੀ ਨਵੇਂ ਤਾਇਨਾਤੀ ਹੁਕਮਾਂ ਉਪਰੰਤ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੀ ਇਹ ਪਦਉਨਤੀ ਵਿਭਾਗ ਦੀ ਪ੍ਰਮੋਸ਼ਨ ਕਮੇਟੀ ਦੀ ਮੀਟਿੰਗ ਤੋਂ ਬਾਅਦ ਹੋਈ ਹੈ ਜਿਸ ਦੀ ਪ੍ਰਧਾਨਗੀ ਵਿਭਾਗ ਦੇ ਸਕੱਤਰ ਸਰਦਾਰ ਮਲਵਿੰਦਰ ਸਿੰਘ ਜੱਗੀ ਨੇ ਕੀਤੀ।
ਦੇਸ਼-ਵਿਦੇਸ਼ਾਂ ਵਿੱਚ ਗੱਤਕਾ ਪ੍ਰਮੋਟਰ ਵਜੋਂ ਮਸ਼ਹੂਰ ਸਰਦਾਰ ਹਰਜੀਤ ਸਿੰਘ ਗਰੇਵਾਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਾਨੂੰਨ ਦੀ ਡਿਗਰੀ ਤੇ ਪੱਤਰਕਾਰਤਾ ਦੀ ਮਾਸਟਰ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਇੱਕ ਸਾਲ ਚੜ੍ਹਦੀਕਲਾ ਅਖਬਾਰ ਅਤੇ ਅੱਠ ਸਾਲ ਰੋਜ਼ਾਨਾ ਅਜੀਤ ਅਖ਼ਬਾਰ ਵਿੱਚ ਬਤੌਰ ਉਪ ਸੰਪਾਦਕ ਵਜੋਂ ਸੇਵਾ ਨਿਭਾਈ ਹੈ। ਦੱਸਣਯੋਗ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ‘ਸਿੰਘਾਂ ਦੀ ਸਕਰੌਦੀ’ ਦੇ ਜੰਮਪਲ ਸਰਦਾਰ ਹਰਜੀਤ ਸਿੰਘ ਗਰੇਵਾਲ ਲੱਗਭਗ 17 ਸਾਲਾਂ ਤੋਂ ਸਿੱਖ ਵਿਰਾਸਤੀ ਦੀ ਜੰਗਜੂ ਕਲਾ ਗੱਤਕਾ ਨੂੰ ਬਤੌਰ ਮਾਨਤਾ ਪ੍ਰਾਪਤ ਖੇਡ ਵਜੋਂ ਵਿਸ਼ਵ ਭਰ ਵਿੱਚ ਪ੍ਰਫੁੱਲਤ ਕਰਨ, ਮਾਨਤਾ ਦਿਵਾਉਣ, ਪ੍ਰਚਾਰਿਤ ਕਰਨ ਅਤੇ ਵਿਰਸੇ ਵਜੋਂ ਸੰਭਾਲਣ ਵਿੱਚ ਮੋਹਰੀ ਭੂਮਿਕਾ ਨਿਭਾਅ ਰਹੇ ਹਨ। ਇਸ ਨਿਰਸਵਾਰਥ ਸੇਵਾ ਬਦਲੇ ਜਿੱਥੇ ਉਨ੍ਹਾਂ ਨੂੰ ਦੇਸ਼-ਵਿਦੇਸ਼ ਵਿੱਚ ਦਰਜਨਾਂ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ ਉੱਥੇ ਪੰਜਾਬ ਸਰਕਾਰ ਵੱਲੋਂ ‘ਸਟੇਟ ਐਵਾਰਡ’ ਪ੍ਰਦਾਨ ਕਰਨਾ, ਦੁਬਈ ਵਿਖੇ ‘ਸੇਵਾ ਐਵਾਰਡ’ ਅਤੇ ਮੁੰਬਈ ਵਿਖੇ ‘ਸਿੱਖ ਅਚੀਵਰਜ ਐਵਾਰਡ’ ਆਦਿ ਮਾਣ ਸਨਮਾਨ ਹਾਸਲ ਹੋਇਆ ਹੈ।
ਰਣਬੀਰ ਕਾਲਜ ਸੰਗਰੂਰ ਅਤੇ ਅਕਾਲ ਕਾਲਜ ਮਸਤੂਆਣਾ ਸਾਹਿਬ ਦੇ ਸਾਇੰਸ ਦੇ ਵਿਦਿਆਰਥੀ ਰਹੇ ਸਰਦਾਰ ਗਰੇਵਾਲ ਦੀ ਇਸ ਤਰੱਕੀ ਉੱਤੇ ਉਨ੍ਹਾਂ ਦੇ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਵਿੱਚ ਵੱਡੀ ਖ਼ੁਸ਼ੀ ਪਾਈ ਜਾ ਰਹੀ ਹੈ। ਉਨ੍ਹਾਂ ਨੇ ਸਾਲ 2001 ਵਿੱਚ ਬਤੌਰ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਵਜੋਂ ਅਹੁਦਾ ਸੰਭਾਲਿਆ ਸੀ ਅਤੇ ਕਰੀਬ ਦਰਜਨ ਤੋਂ ਵੱਧ ਮੰਤਰੀਆਂ, ਵਿਜੀਲੈਂਸ ਬਿਊਰੋ, ਪੰਜਾਬ ਪੁਲਿਸ ਸਮੇਤ ਡਿਪਟੀ ਮੁੱਖ ਮੰਤਰੀ ਨਾਲ ਵੀ ਉਨ੍ਹਾਂ ਬਤੌਰ ਡਿਪਟੀ ਡਾਇਰੈਕਟਰ ਸੇਵਾ ਨਿਭਾਈ ਹੈ। ਉਨਾਂ ਵਿਭਾਗ ਵਿੱਚ ਬਤੌਰ ਜਾਇੰਟ ਡਾਇਰੈਕਟਰ ਕਈ ਬ੍ਰਾਂਚਾਂ ਦਾ ਕਾਰਜ ਭਾਰ ਸਫਲਤਾਪੂਰਵਕ ਸੰਭਾਲਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।