ਰੇਸ਼ਮ ਸਿੰਘ ਨੂੰ ਸੂਬਾ ਸਕੱਤਰ ਚੁਣਿਆ
ਲੁਧਿਆਣਾ : 8 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਸੂਬਾ ਪੱਧਰੀ ਪ੍ਰਤੀਨਿਧ ਕੌਂਸਲ ਦਾ ਇਜਲਾਸ ਪੰਜਾਬੀ ਭਵਨ ਲੁਧਿਆਣਾ ਵਿਖੇ ਭਰਵੀਂ ਹਾਜ਼ਰੀ ਨਾਲ ਸ਼ੁਰੂ ਹੋਇਆ। ਇਜਲਾਸ ਦੀ ਸ਼ੁਰੂਆਤ ਦੌਰਾਂਨ ਪਿਛਲੇ ਸਮੇਂ ਦੌਰਾਨ ਲੋਕ ਲਹਿਰ ਦੇ ਵਿਛੜੇ ਨਾਇਕਾਂ ਨੂੰ ਦੋ ਮਿੰਟ ਦਾ ਮੌਨ ਧਾਰ ਸ਼ਰਧਾਂਜਲੀ ਦਿੱਤੀ ਗਈ।ਸੂਬਾ ਕਮੇਟੀ ਦੀ ਕਾਰਗੁਜ਼ਾਰੀ ਰਿਪੋਰਟ ਸੂਬਾ ਸਕੱਤਰ ਬਲਬੀਰ ਲੌਂਗੋਵਾਲ ਜੀ ਵੱਲੋਂ ਪੇਸ਼ ਕਰਦਿਆਂ ਪਿਛਲੇ ਸਮੇਂ ਦੌਰਾਨ ਜੱਥੇਬੰਦੀ ਵੱਲੋਂ ਆਪਣੇ ਤੌਰ ਤੇ ਅਧਿਆਪਕ ਮੰਗਾਂ ਮਸਲਿਆਂ ਦੇ ਸਾਰਥਿਕ ਹੱਲ ਲਈ ਕੀਤੀਆਂ ਸਰਗਰਮੀਆਂ ਅਤੇ ਭਰਾਤਰੀ ਜਥੇਬੰਦੀਆਂ ਨਾਲ ਰਲ਼ ਕੇ ਕੀਤੀਆਂ ਗਈਆਂ ਸਰਗਰਮੀਆਂ ਦਾ ਲੇਖਾ ਜੋਖਾ ਕੀਤਾ ਗਿਆ। ਕਾਰਗੁਜ਼ਾਰੀ ਰਿਪੋਰਟ ਤੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਾਰਗੁਜ਼ਾਰੀ ਤੇ ਸਤੁੰਸ਼ਟੀ ਜ਼ਾਹਰ ਕਰਦਿਆਂ ਤਿੱਖੇ ਫੈਸਲਾਕੁੰਨ ਅਤੇ ਲਗਾਤਾਰ ਘੋਲ ਲੜਨ ਦੀ ਲੋੜ ਤੇ ਜ਼ੋਰ ਦਿੱਤਾ। ਜੱਥੇਬੰਦੀ ਦੇ ਆਗੂਆਂ ਵੱਲੋਂ 16 ਫਰਵਰੀ 2024 ਦੀ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਣ ਤੇ ਸਤੁੰਸ਼ਟੀ ਪ੍ਰਗਟ ਕਰਦਿਆਂ ਤਨਖਾਹ ਕਟੌਤੀ ਖ਼ਿਲਾਫ਼ ਲੜੀ ਗਈ ਲੜਾਈ ਨੂੰ ਠੀਕ ਦਿਸ਼ਾ ਵੱਲ ਚੁੱਕਿਆ ਕਦਮ ਕ਼ਰਾਰ ਦਿੱਤਾ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ, ਆਊਟਸੋਰਸਿੰਗ ਨੀਤੀ ਅਤੇ ਠੇਕਾ ਸਿਸਟਮ ਨੀਤੀ ਨੂੰ ਰੱਦ ਕਰਨ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਭਾਰਿਆ ਗਿਆ। ਇਸ ਉਪਰੰਤ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਨੇ ਜੱਥੇਬੰਦੀ ਦੀ ਮਜ਼ਬੂਤੀ ਕਿਵੇਂ ਕਰੀਏ ਵਿਸੇ ਤੇ ਚਰਚਾ ਕਰਦਿਆਂ ਠੀਕ ਦਿਸ਼ਾ ਅਤੇ ਲੀਹ ਵੱਲ ਜੱਥੇਬੰਦੀ ਨੂੰ ਤੋਰਨ ਦੀ ਲੋੜ ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਸਕੂਲ , ਸੈਂਟਰ ਅਤੇ ਬਲਾਕ ਪੱਧਰ ਤੇ ਜੱਥੇਬੰਦੀ ਨੂੰ ਮਜ਼ਬੂਤ ਕੀਤਾ ਜਾਵੇ। ਇਸ ਉਪਰੰਤ ਸੂਬਾ ਮੀਤ ਪ੍ਰਧਾਨ ਸੁਖਵਿੰਦਰ ਸੁੱਖੀ ਨੇ ਅਜੋਕੇ ਸਮੇਂ ਦੀ ਲੋੜ ਅਨੁਸਾਰ ਸੰਵਿਧਾਨਕ ਸੋਧਾਂ ਪੇਸ਼ ਕੀਤੀਆਂ। ਇਜਲਾਸ ਵੱਲੋਂ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ। ਸੂਬਾ ਪ੍ਰੈੱਸ ਸਕੱਤਰ ਲਖਵੀਰ ਸਿੰਘ ਹਰੀਕੇ ਨੇ ਜਨਤਕ ਜਥੇਬੰਦੀ ਅਤੇ ਪਾਰਟੀ ਜੱਥੇਬੰਦੀ ਵਿਚ ਰਿਸ਼ਤਾ ਅਤੇ ਵਖਰੇਵੇਂ ਸਬੰਧੀ ਵਿਸੇ ਤੇ ਬੋਲਦਿਆਂ ਜਨਤਕ ਜੱਥੇਬੰਦੀ ਨੂੰ ਫੌਰੀ ਮਸਲਿਆਂ ਤੇ ਪਾਰਟੀ ਜੱਥੇਬੰਦੀ ਦੀ ਦਿਸ਼ਾ ਸੇਧ ਵਿਚ ਲੜਨ ਵਾਲਾ ਜਨਤਕ ਪਲੇਟਫਾਰਮ ਕਰਾਰ ਦਿੱਤਾ। ਇਸ ਉਪਰੰਤ ਸੂਬਾ ਸਕੱਤਰ ਬਲਬੀਰ ਲੌਂਗੋਵਾਲ ਦੇ ਪਿਛਲੇ ਸਮੇਂ ਦੌਰਾਨ ਸੇਵਾ ਮੁਕਤ ਹੋਣ ਉਪਰੰਤ ਪ੍ਰਤੀਨਿਧ ਕੌਂਸਲ ਦੇ ਸੂਬਾ ਕਮੇਟੀ ਮੈਂਬਰਾਂ ਵੱਲੋਂ ਰੇਸ਼ਮ ਸਿੰਘ ਬਠਿੰਡਾ ਨੂੰ ਸਰਵ ਸੰਮਤੀ ਨਾਲ ਸੂਬਾ ਸਕੱਤਰ ਚੁਣਿਆਂ ਗਿਆ। ਆਪਣੇ ਕੁੰਜੀਵਤ ਭਾਸ਼ਣ ਰਾਹੀਂ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਨੇ ਆਪ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖ਼ਿਲਾਫ਼ ਲਗਾਤਾਰ ਸੰਘਰਸ਼ ਕਰਨ ਦੀ ਲੋੜ ਤੇ ਜ਼ੋਰ ਦਿੰਦਾ। ਉਨ੍ਹਾਂ ਕਿਹਾ
ਕਿ ਮੌਜੂਦਾ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ
ਮੁਹਿੰਮ ਤਹਿਤ ਜਨਤਾ ਦੇ ਖੂਨ ਪਸੀਨੇ ਦੀ ਕਮਾਈ ਨੂੰ ਲੁੱਟਣ ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ 16 ਅਪ੍ਰੈਲ ਨੂੰ ਸੂਬਾ ਭਰ ਵਿੱਚ ਜ਼ਿਲ੍ਹਾ ਪੱਧਰੀ ਰੋਸ ਧਰਨੇ ਦਿੱਤੇ ਜਾਣਗੇ ਮਈ ਮਹੀਨੇ ਦੇ ਅਖੀਰ ਤੱਕ ਲੁਧਿਆਣਾ ਵਿੱਚ ਜ਼ਿਮਨੀ ਚੋਣਾਂ ਦੌਰਾਨ ਵੱਡੀ ਰੋਸ਼ ਰੈਲੀ ਕੀਤੀ ਜਾਵੇਗੀ। ਸਟੇਜ ਸਕੱਤਰ ਦੀ ਭੂਮਿਕਾ ਸਾਬਕਾ ਸੂਬਾ ਸਕੱਤਰ ਬਲਬੀਰ ਲੌਂਗੋਵਾਲ ਜੀ ਨੇ ਨਿਭਾਈ। ਭਰਾਤਰੀ ਜਥੇਬੰਦੀਆਂ ਵੱਲੋਂ ਮੈਰੀਟੋਰੀਅਸ
ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਡਾਕਟਰ ਟੀਨਾ ਅਤੇ ਐਸ,ਐਸ,ਰਮਸਾ ਅਧਿਆਪਕ ਯੂਨੀਅਨ ਦੇ ਆਗੂ ਦੀਦਾਰ ਮੁੱਦਕੀ ਅਤੇ ਕੰਪਿਊਟਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਜੋਨੀ ਸਿੰਗਲਾ ਨੇ ਵੀ ਸੰਬੋਧਨ ਕੀਤਾ।