ਬਠਿੰਡਾ, 18 ਅਪ੍ਰੈਲ : ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ, ਨਸ਼ਾ ਛੱਡਣ ਦੇ ਚਾਹਵਾਨ ਨੌਜਵਾਨਾਂ ਨੂੰ ਮਾਨਸਿਕ ਅਤੇ ਸ਼ਰੀਰਕ ਤੌਰ ‘ਤੇ ਮਜ਼ਬੂਤ ਬਣਾਉਣ ਲਈ ਯੋਗਾ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਪਹਿਲਕਦਮੀ ‘ਤੇ ਸ਼ੁਰੂ ਕੀਤੀ ਗਈ “ਸੀ.ਐਮ. ਦੀ ਯੋਗਸ਼ਾਲਾ” ਅਧੀਨ, ਨਸ਼ਾ ਛੁਡਾਊ ਕੇਂਦਰਾਂ ਵਿੱਚ ਨਿਯਮਿਤ ਤੌਰ ‘ਤੇ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਸਥਿਤ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਵਿਖੇ ਸਵੇਰੇ ਅਤੇ ਸ਼ਾਮ ਨੂੰ ਯੋਗਾ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ, ਜਿਸ ਵਿੱਚ ਯੋਗਾ ਇੰਸਟ੍ਰਕਟਰ ਹਰਸ਼ ਸ਼ਰਮਾ ਦੁਆਰਾ ਹਰ ਰੋਜ਼ ਲਗਭਗ 50 ਲੋਕਾਂ ਨੂੰ ਯੋਗਾ ਸਿਖਾਇਆ ਜਾ ਰਿਹਾ ਹੈ।ਇਹਨਾਂ ਸੈਸ਼ਨਾਂ ਵਿੱਚ *ਆਰਾਮ, ਧਿਆਨ, ਸੂਖਮ ਵੇਆਮ, ਹਾਸੇ ਦੀ ਥੈਰੇਪੀ, ਤਾੜੀ ਵਜਾਉਣਾ, ਯੋਗ ਆਸਣ ਅਤੇ ਪ੍ਰਾਣਾਯਾਮ* ਵਰਗੀਆਂ ਗਤੀਵਿਧੀਆਂ ਸ਼ਾਮਲ ਹਨ ਜੋ ਮਰੀਜ਼ਾਂ ਨੂੰ ਤਣਾਅ ਘਟਾਉਣ ਅਤੇ ਸਿਹਤਮੰਦ ਬਣਨ ਵਿੱਚ ਮਦਦ ਕਰਦੀਆਂ ਹਨ। “ਸੀ.ਐਮ. ਦੀ ਯੋਗਸ਼ਾਲਾ” ਦੇ ਬਠਿੰਡਾ ਜ਼ਿਲ੍ਹਾ ਕੋਆਰਡੀਨੇਟਰ, ਰਜਿੰਦਰ ਸਿੰਘ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਨਸ਼ੇ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਨਵਾਂ ਜੀਵਨ ਦੇਣਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਸਵੈ-ਨਿਰਭਰ ਅਤੇ ਆਤਮ-ਵਿਸ਼ਵਾਸੀ ਬਣਾਉਣਾ ਹੈ। ਨਸ਼ਾ ਛੱਡਣ ਦੇ ਚਾਹਵਾਨ ਲੋਕ ਇਸ ਪਹਿਲਕਦਮੀ ਵਿੱਚ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ ਅਤੇ ਆਮ ਜ਼ਿੰਦਗੀ ਵੱਲ ਵਧ ਰਹੇ ਹਨ।ਸਰਕਾਰ ਦਾ ਇਹ ਕਦਮ ਨਸ਼ਾ ਛੁਡਾਊ ਦੇ ਖੇਤਰ ਵਿੱਚ ਇੱਕ ਨਵੀਂ ਦਿਸ਼ਾ ਵੱਲ ਇਸ਼ਾਰਾ ਕਰਦਾ ਹੈ, ਜਿਸ ਨਾਲ ਨਾ ਸਿਰਫ਼ ਨਸ਼ੇੜੀਆਂ ਨੂੰ ਸਗੋਂ ਆਮ ਲੋਕਾਂ ਨੂੰ ਵੀ ਲਾਭ ਹੋ ਰਿਹਾ ਹੈ।
Published on: ਅਪ੍ਰੈਲ 18, 2025 2:02 ਬਾਃ ਦੁਃ