ਮਾਨਸਾ, 18 ਅਪ੍ਰੈਲ : ਦੇਸ਼ ਕਲਿੱਕ ਬਿਓਰੋ
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਮਾਰਕਿਟ ਕਮੇਟੀ ਮਾਨਸਾ ਅਧੀਨ ਪੈਂਦੇ ਖਰੀਦ ਕੇਂਦਰ ਨੰਗਲ ਕਲਾਂ ਵਿਖੇ ਕੱਚੇ ਆੜਤੀਆਂ ਵੱਲੋਂ ਪੰਜਾਬ ਸਰਕਾਰ ਦੇ ਨਿਰਧਾਰਿਤ ਮਾਪਦੰਡਾਂ ਤੋਂ ਵੱਧ ਕਣਕ ਤੋਲਣ ਦਾ ਮਾਮਲਾ ਸਾਹਮਣੇ ਆਇਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਉਪਰ ਤੁਰੰਤ ਕਾਰਵਾਈ ਕਰਦਿਆਂ ਮੰਡੀ ਸੁਪਰਵਾਇਜ਼ਰ ਅਮਨਦੀਪ ਵੱਲੋਂ ਤੁਰੰਤ ਸਾਰੇ ਆੜਤੀਆਂ ਦੇ ਤੋਲ ਚੈਕ ਕੀਤੇ ਗਏ ਅਤੇ ਚੈਕਿੰਗ ਦੌਰਾਨ 5 ਫਰਮਾਂ ਦੇ ਤੋਲ ਵੱਧ ਪਾਏ ਗਏ। ਉਨ੍ਹਾਂ ਦੱਸਿਆ ਕਿ ਤੋਲ ਵੱਧ ਪਾਏ ਜਾਣ ਇਨ੍ਹਾਂ ਫਰਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਫਰਮ ਮੈਸ. ਜਗਨਨਾਥ ਸੁਰਿੰਦਰ ਕੁਮਾਰ ਦਾ ਤੋਲ 1.5 ਕਿਲੋਂ ਤੋਂ 2 ਕਿਲੋ ਤੱਕ ਵੱਧ ਆਉਣ ਤੇ ਪੰਜਾਬ ਮੰਡੀ ਬੋਰਡ ਦੇ ਨਿਯਮਾਂ ਅਨੁਸਾਰ ਬਣਦਾ ਜ਼ੁਰਮਾਨਾ ਲਗਾ ਕੇ ਸਬੰਧਤ ਫਰਮ ਦਾ ਲਾਇਸੰਸ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਹਨ ਜੇਕਰ ਮੰਡੀਆਂ ਅੰਦਰ ਕਿਸਾਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਂਦਾ ਹੈ, ਤਾਂ ਤੁਰੰਤ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਭਵਿੱਖ ਵਿੱਚ ਅਜਿਹਾ ਹੋਰ ਕੋਈ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਸਬੰਧਿਤਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Published on: ਅਪ੍ਰੈਲ 18, 2025 3:04 ਬਾਃ ਦੁਃ