ਐਡਵੋਕੇਟ ਜਨਰਲ ਦੇ ਦਫਤਰ ਵਿੱਚ ਐਸ.ਸੀ ਭਾਈਚਾਰੇ ਨੂੰ ਰਾਖਵਾਂਕਰਨ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ : ਪ੍ਰੋ ਬਲਜਿੰਦਰ ਕੌਰ
ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਦੀ ਸੋਚ ਅਨੁਸਾਰ ਕੰਮ ਕਰ ਰਹੀ ਹੈ
ਤਲਵੰਡੀ ਸਾਬੋ (ਬਠਿੰਡਾ),18 ਅਪ੍ਰੈਲ : ਦੇਸ਼ ਕਲਿੱਕ ਬਿਓਰੋ
ਚੀਫ਼ ਵਿੱਪ ਤੇ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ ਬਲਜਿੰਦਰ ਕੌਰ ਨੇ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਭਾਰਤ ਰਤਨ, ਸੰਵਿਧਾਨ ਨਿਰਮਾਤਾ, ਯੁੱਗ ਪੁਰਸ਼ ਡਾ ਭੀਮ ਰਾਓ ਅੰਬੇਡਕਰ ਜੀ ਦੇ ਸੋਚ ਅਤੇ ਸਿਧਾਂਤ ਅਨੁਸਾਰ ਕੰਮ ਕਰ ਰਹੀ ਹੈ। ਇਸ ਮੌਕੇ ਉਹਨਾਂ ਦੇ ਨਾਲ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰ ਜਤਿੰਦਰ ਸਿੰਘ ਭੱਲਾ, ਚੈਅਰਪਰਸਨ ਮਾਰਕਿਟ ਕਮੇਟੀ ਰਾਮਾਂ ਗੁਰਪ੍ਰੀਤ ਕੌਰ ਅਤੇ ਪਿੰਡ ਜਗ੍ਹਾ ਰਾਮ ਤੀਰਥ ਦੇ ਸਰਪੰਚ ਜਸਵਿੰਦਰ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਮੌਕੇ ਵਿਧਾਇਕ ਬਲਜਿੰਦਰ ਕੌਰ ਨੇ ਕਿਹਾ ਕਿ ਐਡਵੋਕੇਟ ਜਨਰਲ ਦੇ ਦਫਤਰ ਵਿੱਚ ਐਸ ਸੀ ਭਾਈਚਾਰੇ ਲਈ ਰਾਖਵਾਂਕਰਨ ਦੇਣ ਦੀ ਪਹਿਲ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਹੈ। ਵਿਧਾਇਕ ਨੇ ਇਸ ਲਈ ਜਿੱਥੇ ਸੂਬੇ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਉੱਥੇ ਹੀ ਐਸ.ਸੀ ਭਾਈਚਾਰੇ ਨੂੰ ਇਸ ਪ੍ਰਾਪਤੀ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਹਮੇਸ਼ਾ ਹੀ ਪਿਛੜੇ ਵਰਗਾਂ ਦੀ ਤਰੱਕੀ ਨੂੰ ਤਰਜੀਹ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਸ਼ਹੀਦ ਏ ਆਜ਼ਮ ਸ ਭਗਤ ਸਿੰਘ ਅਤੇ ਸੰਵਿਧਾਨ ਨਿਰਮਾਤਾ ਡਾ ਭੀਮ ਰਾਓ ਅੰਬੇਡਕਰ ਜੀ ਦੀ ਸੋਚ ਨਾਲ ਸਰਕਾਰ ਚਲਾ ਰਹੇ ਹਾਂ ਅਤੇ ਇਸੇ ਲਈ ਸਾਰੇ ਸਰਕਾਰੀ ਦਫਤਰਾਂ ਵਿੱਚ ਮੁੱਖ ਮੰਤਰੀ ਦੀ ਤਸਵੀਰ ਲਗਾਉਣ ਦੀ ਬਜਾਏ ਡਾ ਭੀਮ ਰਾਓ ਅੰਬੇਡਕਰ ਜੀ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਲਗਾਈ ਗਈ।
ਪ੍ਰੋ ਬਲਜਿੰਦਰ ਕੌਰ ਨੇ ਕਿਹਾ ਕਿ ਏ.ਜੀ ਦਫਤਰ ਵਿੱਚ ਰਾਖਵੇਂਕਰਨ ਦੀ ਮੰਗ 2017 ਤੋਂ ਉਠਾਈ ਜਾ ਰਹੀ ਸੀ ਪਰ ਪਿਛਲੀਆਂ ਸਰਕਾਰਾਂ ਨੇ ਇਸ ਤੇ ਕੋਈ ਧਿਆਨ ਨਹੀਂ ਦਿੱਤਾ ਜਦਕਿ ਹੁਣ ਪੰਜਾਬ ਸਰਕਾਰ ਨੇ ਐਸ.ਸੀ ਭਾਈਚਾਰੇ ਲਈ 58 ਪੋਸਟਾਂ ਰਾਖਵੀਆਂ ਕਰ ਦਿੱਤੀਆਂ ਹਨ। ਉਹਨਾਂ ਇਹ ਵੀ ਕਿਹਾ ਕਿ ਇਸ ਤੋਂ ਬਿਨਾਂ ਬੈਕਲੋਗ ਦੇ ਅਧਿਐਨ ਤੋਂ ਪਤਾ ਲੱਗਿਆ ਕਿ ਆਮਦਨ ਦੀ ਸ਼ਰਤ ਕਾਰਨ ਵੀ ਐਸੀ ਭਾਈਚਾਰੇ ਲਈ ਰਾਖਵੀਆਂ ਸੀਟਾਂ ਖਾਲੀ ਰਹਿ ਸਕਦੀਆਂ ਸਨ ਇਸ ਲਈ ਪੰਜਾਬ ਸਰਕਾਰ ਵੱਲੋਂ ਆਮਦਨ ਦੀ ਸ਼ਰਤ ਵਿੱਚ ਵੀ ਐਸੀ ਭਾਈਚਾਰੇ ਦੇ ਲੋਕਾਂ ਨੂੰ ਛੋਟ ਦਿੱਤੀ ਗਈ ਤਾਂ ਜੋ ਉਹ ਏ.ਜੀ ਪੰਜਾਬ ਦੇ ਦਫਤਰ ਵਿੱਚ ਸਰਕਾਰੀ ਵਕੀਲ ਵਜੋਂ ਨਾਮਜਦ ਹੋ ਕੇ ਸਰਕਾਰ ਦੇ ਨਾਲ ਨਾਲ ਸਮਾਜ ਦੇ ਪਿਛੜੇ ਵਰਗ ਦੇ ਲੋਕਾਂ ਦੀ ਆਵਾਜ਼ ਵੀ ਕੋਰਟ ਵਿੱਚ ਰੱਖ ਸਕਣ। ਉਹਨਾਂ ਨੇ ਕਿਹਾ ਕਿ ਇਸ ਨਾਲ ਐਸ.ਸੀ ਭਾਈਚਾਰੇ ਦੇ ਲੋਕਾਂ ਨੂੰ ਭਵਿੱਖ ਵਿੱਚ ਜੱਜ ਬਣਨ ਵਿੱਚ ਵੀ ਸਹੂਲਤ ਹੋਵੇਗੀ ਕਿਉਂਕਿ ਏ.ਜੀ ਪੰਜਾਬ ਵਿੱਚ ਕੰਮ ਕੀਤੇ ਜਾਣ ਦਾ ਤਜਰਬਾ ਉਹਨਾਂ ਲਈ ਲਾਭਕਾਰੀ ਸਿੱਧ ਹੋਵੇਗਾ।
ਵਿਧਾਇਕ ਪ੍ਰੋ ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਪਿਛੜੇ ਵਰਗਾਂ ਦੀ ਤਰੱਕੀ ਲਈ ਵਚਨਬੱਧ ਹੈ ਅਤੇ ਇਸ ਲਈ ਭਵਿੱਖ ਵਿੱਚ ਵੀ ਹਰ ਉਪਰਾਲਾ ਕੀਤਾ ਜਾਵੇਗਾ। ਉਹਨਾਂ ਨੇ ਇਸ ਮੌਕੇ ਵਿਸ਼ੇਸ਼ ਤੌਰ ਤੇ ਇਹ ਵੀ ਦੱਸਿਆ ਕਿ ਸਮਾਜ ਦੇ ਪਿਛੜੇ ਵਰਗਾਂ ਦੇ ਬੱਚੇ ਪੜ੍ਹਾਈ ਕਰ ਸਕਣ ਇਸ ਲਈ ਸਰਕਾਰ ਵੱਲੋਂ ਨਿਰਵਿਘਨ ਵਜ਼ੀਫੇ ਵੀ ਦਿੱਤੇ ਜਾ ਰਹੇ ਹਨ।
Published on: ਅਪ੍ਰੈਲ 18, 2025 12:34 ਬਾਃ ਦੁਃ