ਪੰਜਾਬ ਪੁਲਿਸ ਵੱਲੋਂ ਲੰਡਾ ਹਰੀਕੇ ਅਤੇ ਸੱਤਾ ਨੌਸ਼ਹਿਰਾ ਗਿਰੋਹ ਦੇ ਦੋ ਕਾਰਕੁੰਨ ਗ੍ਰਿਫ਼ਤਾਰ, ਦੋ ਪਿਸਤੌਲ ਬਰਾਮਦ

ਪੰਜਾਬ

ਚੰਡੀਗੜ੍ਹ/ਤਰਨਤਾਰਨ, 18 ਅਪ੍ਰੈਲ: ਦੇਸ਼ ਕਲਿੱਕ ਬਿਓਰੋ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਤਹਿਤ  ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਪੰਜਾਬ ਨੇ ਤਰਨਤਾਰਨ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ  ਅੱਤਵਾਦੀ ਲਖਬੀਰ ਸਿੰਘ ਉਰਫ਼ ਲੰਡਾ ਹਰੀਕੇ ਅਤੇ ਗੈਂਗਸਟਰ ਸਤਨਾਮ ਸਿੰਘ ਉਰਫ਼ ਸੱਤਾ ਨੌਸ਼ਹਿਰਾ ਗੈਂਗ ਦੇ ਦੋ ਮੁੱਖ ਕਾਰਕੁਨਾਂ ਨੂੰ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਜਵੰਦਾ ਨੇੜੇ ਹੋਈ  ਸੰਖੇਪ ਗੋਲੀਬਾਰੀ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ  ਦਿੱਤੀ ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮਹਿਕਪ੍ਰੀਤ ਸਿੰਘ ਉਰਫ਼ ਮਹਿਕ ਵਾਸੀ ਪਿੰਡ ਸੇਖਵਾਂ, ਬਟਾਲਾ ਅਤੇ ਯੁਵਰਾਜ ਸਿੰਘ ਉਰਫ਼ ਜੱਗੂ ਵਾਸੀ ਮੁਰਾਦਪੁਰਾ, ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਚੋਂ ਦੋ ਆਧੁਨਿਕ ਪਿਸਤੌਲਾਂ- ਜਿਨ੍ਹਾਂ ਵਿੱਚ ਇੱਕ 9 ਐਮਐਮ ਗਲੌਕ ਅਤੇ ਇੱਕ .30 ਕੈਲੀਬਰ ਪੀਐਕਸ30 ਸ਼ਾਮਲ ਹੈ, ਦੇ ਨਾਲ-ਨਾਲ ਜ਼ਿੰਦਾ ਕਾਰਤੂਸ ਅਤੇ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵਾਂ ਨੂੰ ਵਿਦੇਸ਼ੀ ਹੈਂਡਲਰਾਂ ਵੱਲੋਂ ਪੰਜਾਬ ਵਿੱਚ ਮਿੱਥ ਕੇ ਕਤਲ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਕਿਹਾ, “ਇਨ੍ਹਾਂ ਦੋਵਾਂ ਕਾਰਕੁਨਾਂ ਦੀ ਗ੍ਰਿਫਤਾਰੀ ਨਾਲ, ਪੰਜਾਬ ਪੁਲਿਸ ਨੇ ਸੂਬੇ ਵਿੱਚ ਮਿੱਥ ਕੇ ਹੱਤਿਆਵਾਂ ਅਤੇ ਕਈ ਹੋਰ ਸਨਸਨੀਖੇਜ਼ ਅਪਰਾਧਾਂ ਨੂੰ ਟਾਲਣ ਵਿੱਚ ਸਫ਼ਲਤਾ ਹਾਸਲ ਕੀਤੀ  ਹੈ।

ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦੇ ਹੋਏ, ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਏਜੀਟੀਐਫ ਪ੍ਰਮੋਦ ਬਾਨ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ – ਮਹਿਕਪ੍ਰੀਤ ਅਤੇ ਯੁਵਰਾਜ – ਤਰਨਤਾਰਨ ਵਿੱਚ ਸਰਪੰਚ ਦੇ ਘਰ ’ਤੇ ਹੋਈ ਗੋਲੀਬਾਰੀ ਵਿੱਚ ਵੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ 26 ਅਤੇ 27 ਮਾਰਚ, 2025 ਦੀ ਦਰਮਿਆਨੀ ਰਾਤ ਨੂੰ ਦੋ ਬਾਈਕ ਸਵਾਰ ਨੌਜਵਾਨਾਂ ਨੇ ਪਿੰਡ ਨੌਸ਼ਹਿਰਾ ਪੰਨੂਆਂ ਦੇ ਸਰਪੰਚ ਦੇ ਘਰ ਬਾਹਰ ਗੋਲੀਬਾਰੀ ਕੀਤੀ ਸੀ।

ਏਡੀਜੀਪੀ ਨੇ ਕਿਹਾ ਕਿ ਏਆਈਜੀ ਸੰਦੀਪ ਗੋਇਲ ਦੀ ਨਿਗਰਾਨੀ ਹੇਠ ਏਜੀਟੀਐਫ ਦੀਆਂ ਟੀਮਾਂ ਅਤੇ ਐਸਐਸਪੀ ਅਭਿਮਨਿਊ ਰਾਣਾ ਦੀ ਨਿਗਰਾਨੀ ਵਿੱਚ ਤਰਨਤਾਰਨ ਪੁਲਿਸ ਦੀਆਂ ਟੀਮਾਂ, ਸਰਪੰਚ ਦੇ ਘਰ ਬਾਹਰ ਹੋਈ ਗੋਲੀਬਾਰੀ ਮਾਮਲੇ ਵਿੱਚ ਸ਼ਾਮਲ ਦੋਸ਼ੀਆਂ ਦੀ ਪੈਰਵਾਈ ਕਰ ਰਹੀਆਂ ਸਨ ਤਾਂ ਪੁਲਿਸ ਨੂੰ ਨੌਸ਼ਹਿਰਾ ਪੰਨੂਆਂ ਦੇ ਖੇਤਰ ਵਿੱਚ ਘੁੰਮ ਰਹੇ ਦੋਵਾਂ ਮੁਲਜ਼ਮਾਂ ਸਬੰਧੀ ਖੁਫੀਆ ਇਤਲਾਹ ਮਿਲੀ ।

ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ, ਏਆਈਜੀ ਸੰਦੀਪ ਗੋਇਲ ਨੇ ਕਿਹਾ ਕਿ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਏਜੀਟੀਐਫ ਅਤੇ ਤਰਨਤਾਰਨ ਪੁਲਿਸ ਟੀਮਾਂ ਨੇ ਦੋਵਾਂ ਮੁਲਜ਼ਮਾਂ ਦਾ ਪਿੱਛਾ ਕੀਤਾ। ਏਆਈਜੀ ਨੇ ਕਿਹਾ,‘‘ਜਦੋਂ ਪੁਲਿਸ ਟੀਮਾਂ ਨੇ ਦੋਵਾਂ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਪੁਲਿਸ ਪਾਰਟੀ ’ਤੇ ਗੋਲੀਬਾਰੀ ਕੀਤੀ, ਜਿਸ ਕਾਰਨ ਪੁਲਿਸ ਟੀਮਾਂ ਨੇ ਸਵੈ-ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ’’।

ਐਸਐਸਪੀ ਅਭਿਮਨਿਊ ਰਾਣਾ ਨੇ ਕਿਹਾ ਕਿ ਗੋਲੀਬਾਰੀ ਦੌਰਾਨ ਦੋਵੇਂ ਮੁਲਜ਼ਮਾਂ ਨੂੰ ਗੋਲੀਆਂ ਲੱਗੀਆਂ ਅਤੇ ਉਨ੍ਹਾਂ ਨੂੰ ਸਥਾਨਕ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਆਧੁਨਿਕ ਹਥਿਆਰ ਬਰਾਮਦ ਕੀਤੇ ਹਨ।

ਐਸਐਸਪੀ ਨੇ ਕਿਹਾ ਕਿ ਮੁਲਜ਼ਮ ਮਹਿਕਪ੍ਰੀਤ ਸਿੰਘ ਦਾ ਅਪਰਾਧਿਕ ਪਿਛੋਕੜ ਹੈ ਅਤੇ ਸਰਪੰਚ ਦੇ ਘਰ ’ਤੇ ਗੋਲੀਬਾਰੀ ਦੇ ਮਾਮਲੇ ਵਿੱਚ ਉਸਦੀ ਸ਼ਮੂਲੀਅਤ ਤੋਂ ਇਲਾਵਾ, ਮੁਲਜ਼ਮ ਵਿਸਫੋਟਕ ਪਦਾਰਥ ਐਕਟ ਤਹਿਤ ਦਰਜ ਮਾਮਲੇ ਵਿੱਚ ਵੀ ਲੋੜੀਂਦਾ ਸੀ, ਜਿਸ ਵਿੱਚ ਦੋ ਹੱਥਗੋਲੇ ਅਤੇ ਹਥਿਆਰ-ਗੋਲੀ ਸਿੱਕਾ ਬਰਾਮਦ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੂਰੇ ਨੈੱਟਵਰਕ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।

ਇਸ ਸਬੰਧੀ ਐਫਆਈਆਰ ਨੰ. 49 ਮਿਤੀ 18/04/2025 ਨੂੰ ਤਰਨਤਾਰਨ ਦੇ ਪੁਲਿਸ ਥਾਣਾ ਸਰਹਾਲੀ ਵਿਖੇ ਬੀਐਨਐਸ ਦੀਆਂ ਧਾਰਾਵਾਂ 111 (3) ਅਤੇ 113 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 (6) ਅਤੇ 25 (7) (1) ਤਹਿਤ ਦਰਜ ਕੀਤਾ ਗਿਆ ਹੈ।

Published on: ਅਪ੍ਰੈਲ 18, 2025 5:01 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।