ਦਲਜੀਤ ਕੌਰ
ਸੰਗਰੂਰ, 20 ਅਪ੍ਰੈਲ, 2025: ਪੰਜਾਬ ਦੇ ਅਨੂਸੁਚਿਤ ਜਾਤੀਆਂ ਨਾਲ ਸਬੰਧਤ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ ਅੱਜ ਸੰਗਰੂਰ ਸ਼ਹਿਰ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਉਨ੍ਹਾਂ ਦੇ ਦੌਰੇ ਦਾ ਮੁੱਖ ਮਕਸਦ ਲੋਕਾਂ ਨੂੰ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਅਤੇ ਸੰਘਰਸ਼ ਬਾਰੇ ਜਾਣੂ ਕਰਵਾਉਣ ਤੋਂ ਇਲਾਵਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਕੰਮਕਾਜ, ਭਾਰਤੀ ਸੰਵਿਧਾਨ ਅਤੇ ਦੇਸ਼ ਦੇ ਕਨੂੰਨ ਵਿੱਚ ਗਰੀਬਾਂ, ਮਜਲੂਮਾਂ, ਅਨੁਸੂਚਿਤ ਜਾਤੀਆਂ ਤੇ ਪਿਛੜੀਆਂ ਸ਼੍ਰੇਣੀਆਂ ਦੇ ਹੱਕਾਂ, ਅਧਿਕਾਰਾਂ, ਸਮਾਜਿਕ ਸੁਰੱਖਿਆ ਸਬੰਧੀ ਜਾਗਰੂਕ ਕਰਨਾ ਹੈ।
ਇਸ ਮੌਕੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਅੱਤਵਾਦ ਸਮਰਥਕ ਕੈਨੇਡਾ ਬੈਠਾ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਲਗਾਤਾਰ ਬਾਬਾ ਸਾਹਿਬ ਬਾਰੇ ਗਲਤ ਸ਼ਬਦਾਵਲੀ ਵਰਤ ਕੇ ਸਮਾਜ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਉਹ ਭਾਰਤ ਦੇਸ਼ ਦਾ ਹੀ ਨਹੀਂ, ਸਗੋਂ ਦਲਿਤ ਸਮਾਜ ਦਾ ਵੀ ਦੁਸ਼ਮਣ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨ ਦੀ ਆੜ ਵਿੱਚ ਦਲਿਤ ਸਮਾਜ ਦੀਆਂ ਭਾਵਨਾਵਾਂ ਨਾਲ ਅੱਤਵਾਦੀਆਂ ਵਲੋਂ ਖਿਲਵਾੜ ਕਰਨਾ ਦਲਿਤ ਸਮਾਜ ਬਰਦਾਸ਼ਤ ਨਹੀਂ ਕਰੇਗਾ। ਅਜਿਹੇ ਅੱਤਵਾਦੀ ਪਿਛਲੇ 45 ਸਾਲਾਂ ਤੋਂ ਬਾਬਾ ਸਾਹਿਬ ਅੰਬੇਡਕਰ ਅਤੇ ਭਾਰਤੀ ਸੰਵਿਧਾਨ ਖਿਲਾਫ਼ ਪੁੱਠੇ ਸਿੱਧੇ ਬਿਆਨ ਦੇਕੇ ਹਮੇਸ਼ਾ ਦਲਿਤ ਸਮਾਜ ਦੀਆਂ ਭਾਵਨਾਵਾਂ ਨੂੰ ਕੁਚਲ ਰਹੇ ਹਨ।
ਚੇਅਰਮੈਨ ਗੜ੍ਹੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਦਲਿਤ ਸਮਾਜ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਦਾ ਵਿਰੋਧ ਕਰਨ ਵਾਲੇ ਨੂੰ ਮੂੰਹ ਤੋੜ ਜਵਾਬ ਦੇਵੇਗਾ, ਭਾਵੇਂ ਪੰਨੂ ਹੋਵੇ ਜਾਂ ਪੰਨੂ ਦੀ ਵਿਚਾਰਧਾਰਾ ਦੇ ਹੋਰ ਲੋਕ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਬਾਬਾ ਸਾਹਿਬ ਦੀ ਸੋਚ ‘ਤੇ ਪਹਿਰਾ ਦੇ ਰਹੀ ਹੈ ਅਤੇ ਸਮਾਜ ਦੇ ਸਮੂਹ ਵਰਗਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਵੀ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣੀ ਯਕੀਨੀ ਬਣਾਈ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਸੀ. ਕਮਿਸ਼ਨ ਮੈਂਬਰ ਗੁਲਜ਼ਾਰ ਬੌਬੀ, ਜ਼ਿਲ੍ਹਾ ਸਮਾਜਿਕ ਅਤੇ ਨਿਆਂ ਅਧਿਕਾਰਤਾ ਅਫ਼ਸਰ ਸੁਖਸਾਗਰ ਸਿੰਘ, ਡੀ.ਐਸ.ਪੀ. ਸੁਖਦੇਵ ਸਿੰਘ, ਡਾ. ਅੰਬੇਦਕਰ ਚੈਰੀਟੇਬਲ ਮੰਚ ਦੇ ਪ੍ਰਧਾਨ ਕਰਮਜੀਤ ਸਿੰਘ ਅਤੇ ਹੋਰ ਅਹੁਦੇਦਾਰਾਂ ਤੋਂ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
Published on: ਅਪ੍ਰੈਲ 20, 2025 10:13 ਬਾਃ ਦੁਃ