ਦਲਜੀਤ ਕੌਰ
ਪਟਿਆਲਾ, 20 ਅਪ੍ਰੈਲ, 2025: ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬੇ ਦਾ ਦੋ ਰੋਜ਼ਾ ਇਜਲਾਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸ਼ੁਰੂ ਹੋਇਆ। ਇਜਲਾਸ ਦੀ ਸ਼ੁਰੂਆਤ ਪੀਐੱਸਯੂ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਕੁਰੜ ਵਲੋਂ ਝੰਡਾ ਲਹਿਰਾਉਣ ਅਤੇ ਵਿਦਿਆਰਥੀ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਈ। ਯੂਨੀਅਨ ਦਾ ਸੂਬਾ ਇਜਲਾਸ ਗ਼ਦਰੀ ਗੁਲਾਬ ਕੌਰ ਦੀ 100ਵੀਂ ਵਰੇਗੰਢ ਨੂੰ ਸਮਰਪਿਤ ਕੀਤਾ ਗਿਆ।
ਇਸ ਮੌਕੇ ਪੀਐੱਸਯੂ ਦੇ ਸੂਬਾ ਜਨਰਲ ਸਕੱਤਰ ਅਮਨਦੀਪ ਸਿੰਘ ਖਿਉਵਾਲੀ ਵਲੋਂ ਯੂਨੀਅਨ ਦੇ ਪਿਛਲੇ ਸਾਲਾਂ ਦੌਰਾਨ ਕੀਤੇ ਸੰਘਰਸ਼ਾਂ ਅਤੇ ਸਰਗਰਮੀਆਂ ਦੀ ਰੀਵਿਊ ਰੀਪੋਰਟ ਪੇਸ਼ ਕੀਤੀ ਗਈ। ਹਾਜ਼ਰ ਡੈਲੀਗੇਟਸ ਨੇ ਰੀਵਿਊ ਰੀਪੋਰਟ ਤੇ ਭਰਵੀਂ ਚਰਚਾ ਕਰਨ ਕੀਤੀ। ਵਿਦਿਆਰਥੀਆਂ ਵਲੋਂ ਰੀਪੋਰਟ ਤੇ ਸਵਾਲ ਅਤੇ ਸੁਝਾਅ ਪੇਸ਼ ਕੀਤੇ ਗਏ। ਭਰਵੀਂ ਚਰਚਾ ਤੋਂ ਬਾਅਦ ਹਾਜ਼ਰ ਡੈਲੀਗੇਟਸ ਵਲੋਂ ਰਿਪੋਰਟ ਪਾਸ ਕੀਤੀ ਗਈ।
ਆਗੂਆਂ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਗਿਆ ਕਿ ਪੀਐੱਸਯੂ ਦਾ ਮਜੌੂਦਾ ਇਜਲਾਸ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਪੂਰੀਆਂ ਦੁਨੀਆਂ ਵਿੱਚ ਇੱਕ ਪਾਸੇ ਆਰਥਿਕ ਸੰਕਟ ਗਹਿਰਾ ਹੋਇਆ ਹੈ ਅਤੇ ਦੂਜੇ ਪਾਸੇ ਸਾਮਰਾਜੀ ਸ਼ਕਤੀਆਂ ਵਿੱਚ ਇਸ ਕਾਰਨ ਖਹਿ ਵੱਧ ਰਹੀ ਹੈ। ਇਹ ਖਹਿ ਵਿਸ਼ਵ ਨੂੰ ਜੰਗ ਦੀ ਭੱਠੀ ਵਿੱਚ ਝੋਕਣ ਵੱਲ ਵਧ ਰਹੀ ਹੈ। ਇਸੇ ਤਰਾਂ ਭਾਰਤ ਵਿੱਚ ਭਾਜਪਾ ਦੀ ਕੇਂਦਰ ਸਰਕਾਰ ਵੀ ਸਾਮਰਾਜੀ ਸ਼ਕਤੀਆਂ ਸਾਹਮਣੇ ਗੋਡੇ ਟੇਕਦੀ ਨਜ਼ਰ ਆ ਰਹੀ ਹੈ। ਕਾਰਪੋਰੇਟ ਘਰਾਣਿਆਂ ਨੂੰ ਵਪਾਰ ਕਰਨ ਦੀਆਂ ਖੁੱਲਾਂ ਦੇ ਰਹੀ ਹੈ ਅਤੇ ਉਹਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ। ਦੂਸਰਾ ਭਾਜਪਾ ਦੇਸ਼ ਅੰਦਰ ਫਿਰਕੂ ਧਰੁਵੀਕਰਨ ਕਰਦੇ ਹੋਇਆਂ ਧਾਰਮਿਕ ਘੱਟ ਗਿਣਤੀਆਂ, ਆਦਿਵਾਸੀਆਂ ਅਤੇ ਦਲਿਤਾਂ ਉੱਪਰ ਜਬਰ ਢਾਹ ਰਹੀ ਹੈ। ਇਹੀ ਹਮਲਾ ਨਵੀਂ ਸਿੱਖਿਆ ਨੀਤੀ 2020 ਵਿੱਚ ਹੈ। ਸਿੱਖਿਆ ਦੇ ਖੇਤਰ ਵਿੱਚ ਵਿਗਿਆਨਕ ਵਿਚਾਰ ਪ੍ਰਬੰਧ ਦੀ ਥਾਂ ਰੂੜੀਵਾਦੀ ਵਿਚਾਰਾਂ ਨੂੰ ਫੈਲਾਇਆ ਜਾ ਰਿਹਾ ਹੈ। ਨਵੀਂ ਸਿੱਖਿਆਂ ਨੀਤੀ ਰਾਜਾਂ ਦੇ ਅਧਿਕਾਰਾਂ ਤੇ ਹਮਲਾ ਹੈ, ਇਸ ਲਈ ਵਿਦਿਆਰਥੀਆਂ ਨੂੰ ਪੰਜਾਬ ਦੀ ਸਿਖਿਆ ਨੀਤੀ ਪੰਜਾਬ ਤੋਂ ਬਣਾਉਣ ਵੱਲ ਸੰਘਰਸ਼ ਸੇਧਿਤ ਕਰਨਾ ਚਾਹੀਦਾ ਹੈ।
ਪ੍ਰੋਗਰਾਮ ਵਿੱਚ ਸਰਬ ਸੰਮਤੀ ਨਾਲ ਸੂਬਾਈ ਪੈਨਲ ਪਾਸ ਕੀਤਾ ਗਿਆ ਜਿਸ ਵਿੱਚ ਰਣਬੀਰ ਸਿੰਘ ਕੁਰੜ ਨੂੰ ਮੁੜ ਸੂਬਾ ਪ੍ਰਧਾਨ ਚੁਣਿਆ ਗਿਆ। ਇਸੇ ਤਰਾਂ ਧੀਰਜ ਫ਼ਾਜ਼ਿਲਕਾ ਨੂੰ ਜਨਰਲ ਸਕੱਤਰ, ਅਮਨਦੀਪ ਸਿੰਘ ਖਿਉਵਾਲੀ ਨੂੰ ਕੌਮੀ ਕੁਆਰਡੀਨੇਟਰ, ਅਮਰ ਕ੍ਰਾਂਤੀ ਨੂੰ ਪ੍ਰੈੱਸ ਸਕੱਤਰ, ਬਲਜੀਤ ਧਰਮਕੋਟ ਨੂੰ ਵਿੱਤ ਸਕੱਤਰ ਅਤੇ ਗੁਰਦਾਸ, ਸੁਖਪ੍ਰੀਤ ਅਤੇ ਹਰਵੀਰ ਗੰਧੜ ਨੂੰ ਸੂਬਾਈ ਕਮੇਟੀ ਮੈਂਬਰਾਂ ਵਜੋਂ ਚੁਣਿਆ ਗਿਆ। ਇਸ ਇਜਲਾਸ ਵਿੱਚ ਲੰਬਾ ਸਮਾਂ ਜਥੇਬੰਦੀ ਵਿੱਚ ਕੰਮ ਕਰਨ ਵਾਲੇ ਮੰਗਲਜੀਤ ਪੰਡੋਰੀ, ਹਰਦੀਪ ਕੋਟਲ਼ਾ, ਗੁਰਸੇਵਕ ਸੇਬੀ ਅਤੇ ਰਵੀ ਰਸੂਲਪੁਰ ਨੂੰ ਸੂਬਾ ਕਮੇਟੀ ਵਿੱਚੋਂ ਵਿਦਿਆਗੀ ਦਿੰਦਿਆਂ ਸਨਮਾਨਿਤ ਕੀਤਾ ਗਿਆ।
Published on: ਅਪ੍ਰੈਲ 20, 2025 8:41 ਬਾਃ ਦੁਃ