ਬਠਿੰਡਾ: 23 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਬਠਿੰਡਾ ਬੱਸ ਸਟੈਂਡ ਦੀ ਜਗ੍ਹਾ ਬਦਲਣ ਨੂੰ ਲੈ ਕੇ ਬਠਿੰਡਾ ਵਾਸੀਆਂ ਵਿੱਚ ਰੋਸ ਦਿਨੋ ਦਿਨ ਵਧ ਰਿਹਾ ਹੈ। ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਵੱਲੋਂ 24 ਅਪ੍ਰੈਲ ਤੋਂ ਪੱਕੇ ਮੋਰਚੇ ਦਾ ਐਲਾਨ ਕੀਤਾ ਗਿਆ ਹੈ।
ਇਸ ਦੀ ਜਾਣਕਾਰੀ ਦਿੰਦਿਆਂ ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ. ਅਜੀਤਪਾਲ ਸਿੰਘ ਨੇ ਦੱਸਿਆ ਕਿ ਟੀਚਰਜ਼ ਹੋਮ ਵਿੱਚ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਦੇ ਸੱਦੇ ਤੇ ਇੱਕ ਵੱਡੀ ਐਮਰਜੈਂਸੀ ਮੀਟਿੰਗ ਹੋਈ, ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਸਮਾਜਿਕ ਸੰਸਥਾਵਾਂ, ਵਪਾਰਕ ਸੰਸਥਾਵਾਂ, ਜਨਤਕ ਜਥੇਬੰਦੀਆਂ ਕਿਸਾਨ ਆਗੂ ਮਜ਼ਦੂਰ ਆਗੂ ਅਤੇ ਨਾਗਰਿਕਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਮੀਟਿੰਗ ਵਿਚ ਬੱਸ ਸਟੈਂਡ ਨੂੰ ਮਲੋਟ ਰੋਡ ‘ਤੇ ਲਿਜਾਣ ਦੇ ਸਰਕਾਰੀ ਫੈਸਲੇ ਵਿਰੋਧ ਕੀਤਾ ਗਿਆ ਅਤੇ ਇਸਨੂੰ ਲੋਕ ਵਿਰੋਧੀ ਕਦਮ ਦੱਸਿਆ ਗਿਆ। ਮਾਲਵਾ ਜ਼ੋਨ ਟਰਾਂਸਪੋਰਟ ਯੂਨਿਅਨ ਦੇ ਕਨਵੀਨਰ ਬਲਤੇਜ ਵਾਂਦਰ ਨੇ ਕਿਹਾ ਕਿ ਮੌਜੂਦਾ ਬੱਸ ਸਟੈਂਡ ਦੀ ਥਾਂ ਸ਼ਹਿਰ ਦੀ ਸਹੂਲਤ ਅਤੇ ਵਪਾਰਕ ਕਾਰੋਬਾਰ ਲਈ ਬਹੁਤ ਹੀ ਢੁਕਵੀਂ ਹੈ ਅਤੇ ਇਸ ਨੂੰ ਬਦਲਣ ਨਾਲ ਆਮ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਬਦਲਣ ਨਾਲ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਹੱਲ ਹੋਣ ਦੀ ਬਜਾਏ ਹੋਰ ਵਧੇਗੀ। ਕਿਉਂਕਿ ਮੌਜੂਦਾ ਬੱਸ ਸਟੈਂਡ ਕੋਲ ਜ਼ਿਲ੍ਹਾ ਕਚਹਿਰੀਆਂ,ਸਰਕਾਰੀ ਹਸਪਤਾਲ, ਕਾਲਜ, ਰੇਲਵੇ ਸਟੇਸ਼ਨ,ਡਾਕਖਾਨਾ,ਕੱਚਹਿਰੀਆਂ, ਮਿੰਨੀ ਸਕੱਤਰੇਤ ਆਦਿ ਨੇੜੇ ਹਨ। ਬੁਲਾਰਿਆਂ ਨੇ ਕਿਹਾ ਕਿ ਬਠਿੰਡਾ ਬੱਸ ਸਟੈਂਡ ਦਾ ਪੱਧਰ ਸੜਕ ਨਾਲੋਂ ਉੱਚਾ ਹੈ, ਜਿਸ ਕਰਕੇ ਉੱਥੇ ਕਦੇ ਵੀ ਪਾਣੀ ਨਹੀਂ ਭਰਦਾ, ਇਸ ਲਈ ਬੱਸ ਸਟੈਂਡ ਨੂੰ ਸ਼ਿਫਟ ਕਰਨ ਦੀ ਥਾਂ ਐਲੀਵੇਟਿਡ ਰੋਡ ਬਣਾਕੇ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਜੇਕਰ ਬੱਸ ਸਟੈਂਡ ਬਦਲਣ ਦੀ ਨੀਤੀ ਬਣਾਈ ਜਾਂਦੀ ਹੈ ਤਾਂ ਇਹ ਸ਼ਹਿਰ ਵਿੱਚ ਹੋਰ ਵਾਹਨਾਂ ਅਤੇ ਆਟੋਆਂ ਕਰਕੇ ਟ੍ਰੈਫਿਕ ਵਧਾਵੇਗੀ।
ਬਠਿੰਡਾ ਪ੍ਰਸ਼ਾਸਨ ਖ਼ਿਲਾਫ਼ ਗੁੱਸਾ ਜਤਾਉਂਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਬਠਿੰਡਾ ਦੇ ਡਿਪਟੀ ਕਮਿਸ਼ਨਰ ਹੀ ਬੱਸ ਸਟੈਂਡ ਬਦਲਣ ਲਈ ਜ਼ਿਆਦਾ ਕਾਹਲੇ ਹਨ। ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਇੱਕ ਸੁਰ ਵਿੱਚ ਕਿਹਾ ਕਿ ਕਿਸੇ ਵੀ ਸਿਆਸੀ ਆਗੂ ਨੇ ਬੱਸ ਸਟੈਂਡ ਬਦਲਣ ਦੀ ਹਿਮਾਇਤ ਨਹੀਂ ਕੀਤੀ। ਡਿਪਟੀ ਕਮਿਸ਼ਨਰ ਝੂਠ ਬੋਲ ਕੇ ਲੋਕਾਂ ਨੂੰ ਭਟਕਾ ਰਹੇ ਹਨ। ਸਮਾਜਿਕ ਆਗੂਆਂ ਨੇ ਮੀਟਿੰਗ ਵਿੱਚ ਪ੍ਰਸ਼ਾਸਨ ਉੱਤੇ ਭਰੋਸਾ ਨਾ ਹੋਣ ਦੀ ਗੱਲ ਰੱਖੀ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਜੇਕਰ ਪ੍ਰਸ਼ਾਸਨ ਨੇ ਬੱਸ ਸਟੈਂਡ ਨੂੰ ਮਲੋਟ ਰੋਡ ਤੇ ਲਿਜਾਣ ਦੀ ਕਾਰਵਾਈ ਨਹੀਂ ਰੋਕੀ, ਤਾਂ ਕਮੇਟੀ ਲੋਕ ਅੰਦੋਲਨ ਸ਼ੁਰੂ ਕਰੇਗੀ, ਜਿਸ ਵਿੱਚ ਧਰਨਾ, ਪ੍ਰਦਰਸ਼ਨ ਤੇ ਵਿਰੋਧ ਸ਼ਾਮਲ ਹੋਣਗੇ। ਬੱਸ ਸਟੈਂਡ ਨੂੰ ਮੌਜੂਦਾ ਥਾਂ ‘ਤੇ ਹੀ ਬਣਾਇਆ ਜਾਵੇ। ਸ਼ਹਿਰ ਦੀ ਤਰੱਕੀ ਦੇ ਨਾਂ ‘ਤੇ ਜਨਵਿਰੋਧੀ ਫੈਸਲੇ ਨਾ ਲਏ ਜਾਣ। ਆਖਿਰ ਵਿੱਚ ਸਾਰੇ ਮੈਂਬਰਾਂ ਨੇ ਇਕੱਠੇ ਹੋ ਕੇ ਸੰਘਰਸ਼ ਨੂੰ ਤੇਜ਼ ਕਰਨ ਦਾ ਸੰਕਲਪ ਲਿਆ। ਜਿਸ ਤਹਿਤ ਵੀਰਵਾਰ 24 ਅਪ੍ਰੈਲ ਤੋਂ ਡਾ. ਭੀਮ ਰਾਓ ਅੰਬੇਡਕਰ ਪਾਰਕ, ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਪੱਕਾ ਮੋਰਚਾ ਲਾਇਆ ਜਾਵੇਗਾ। ਇਸ ਦੇ ਨਾਲ-ਨਾਲ ਸ਼ਨੀਵਾਰ 26 ਅਪ੍ਰੈਲ ਨੂੰ ਬੱਸ ਸਟੈਂਡ ਤੋਂ ਲੈ ਕੇ ਫਾਇਰ ਬ੍ਰਿਗੇਡ ਚੌਕ ਤੱਕ ਰੋਸ਼ ਮਾਰਚ ਵੱਖ-ਵੱਖ ਬਜ਼ਾਰਾਂ ਰਾਹੀਂ ਕੱਢਿਆ ਜਾਵੇਗਾ। ਵਪਾਰ ਮੰਡਲ ਨੇ ਐਲਾਨ ਕੀਤਾ ਕਿ 2027 ਵਿੱਚ ਸਰਕਾਰ ਦੀ ਇੱਟ ਨਾਲ ਇੱਟ ਖੜਕਾਈ ਜਾਵੇਗੀ ਇਸ ਮੌਕੇ ਤੇ ਵਪਾਰ ਮੰਡਲ, ਜਵੈਲਰ ਐਸੋਸੀਏਸ਼ਨ, ਭਾਜਪਾ, ਅਕਾਲੀ ਦਲ, ਕਾਂਗਰਸ, ਮਨਪ੍ਰੀਤ ਬਾਦਲ ਗੁੱਟ ਦੇ ਕੌਂਸਲਰ, ਆਮ ਆਦਮੀ ਪਾਰਟੀ ਵਪਾਰ ਵਿਂਗ, ਕਿਸਾਨ ਯੂਨਿਅਨ, ਕੱਪੜਾ ਮਾਰਕੀਟ, ਮਾਲ ਰੋਡ ਐਸੋਸੀਏਸ਼ਨ, ਪੈਂਸ਼ਨਰ ਐਸੋਸੀਏਸ਼ਨ,ਮਜ਼ਦੂਰ ਯੂਨੀਅਨ,ਮੈਡੀਕਲ ਐਸੋਸੀਏਸ਼ਨ,ਮਹਿਨਾ ਚੌਕ ਐਸੋਸੀਏਸ਼ਨ, ਵਕੀਲ,ਪੰਜਾਬੀ ਸਾਹਿਤ ਸਭਾ ਤੋਂ ਲੇਖਕ, ਕਲਾਕਾਰ, ਮੁਲਾਜਮ, ਸਮਾਜ ਸੇਵਕ.ਔਰਤਾਂ, ਲੋਕ ਹਿਤੈਸ਼ੀ ਸੱਥ ਦੇ ਮੈਂਬਰ,ਪੇਂਡੂ ਅਤੇ ਸ਼ਹਿਰ ਵਾਸੀ ਭਰਪੂਰ ਗਿਣਤੀ ਚ ਮੌਜੂਦ ਰਹੇ।
Published on: ਅਪ੍ਰੈਲ 23, 2025 2:13 ਬਾਃ ਦੁਃ