ਭੁਪਿੰਦਰ ਸਿੰਘ ਮਾਨ ਦੇ ਕਹਾਣੀ ਸੰਗ੍ਰਿਹ ‘ਲਾਲ ਰੱਤਾ ‘ਤੇ ਵਿਚਾਰ ਚਰਚਾ

ਸਾਹਿਤ

ਮੋਹਾਲੀ: 24 ਅਪ੍ਰੈਲ, ਦੇਸ਼ ਕਲਿੱਕ ਬਿਓਰੋ

ਸਵਪਨ ਫਾਉਂਡੇਸ਼ਨ, ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਮੋਹਾਲੀ ਦੇ ਸਹਿਯੋਗ ਨਾਲ ਭਾਸ਼ਾ ਵਿਭਾਗ ਦੇ ਵਿਹੜੇ ਵਿਖੇ ਭੁਪਿੰਦਰ ਸਿੰਘ ਮਾਨ ਦੇ ਕਹਾਣੀ ਸੰਗ੍ਰਹਿ ‘ ਲਾਲ ਰੱਤਾ’ ‘ਤੇ ਵਿਚਾਰ ਚਰਚਾ ਕਰਵਾਈ ਗਈ।ਸਭ ਤੋਂ ਪਹਿਲਾਂ ਸੁਆਗਤ ਕਰਦੇ ਹੋਏ ਜ਼ਿਲ੍ਹਾ ਖੋਜ ਅਫ਼ਸਰ ਡਾ.ਦਰਸ਼ਨ ਕੌਰ ਨੇ ਕਿਹਾ ਕਿ ਸਮਕਾਲ ਵਿਚ ਲਿਖੀਆਂ ਜਾ ਰਹੀਆਂ ਕਹਾਣੀਆਂ ਆਪਣੇ ਵਿਸ਼ਾ ਵਸਤੂ ਕਾਰਨ ਵਿਲੱਖਣ ਹਨ। ਉਹਨਾਂ ਨੇ ਸਭ ਦਾ ਸਵਾਗਤ ਕੀਤਾ।ਇਸ ਤੋਂ ਬਾਅਦ ਲੇਖਕ ਸੁਰਜੀਤ ਸੁਮਨ ਨੇ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਹ ਕਹਾਣੀਆਂ ਇਕ ਵਿਸ਼ੇ ਵਿਚ ਕਈ ਵਿਸ਼ੇ ਸਮੇਟਦੀਆਂ ਹਨ, ਉਹਨਾਂ ਤੁਖਮ, ਵੈਰਾਗ ਕਹਾਣੀ ‘ਚੋਂ ਕਈ ਨੁਕਤੇ ਸਾਂਝੇ ਕੀਤੇ। ਇਸ ਉਪਰੰਤ ਉੱਘੇ ਆਲੋਚਕ ਡਾ. ਤੇਜਿੰਦਰ ਸਿੰਘ ਨੇ ਸਾਰੀਆਂ ਅੱਠ ਕਹਾਣੀਆਂ ਬਾਰੇ ਵਿਸਥਾਰ ਸਹਿਤ ਗੱਲ ਕਰਦੇ ਹੋਏ ਕਿਹਾ ਕਿ ਇਹਨਾਂ ਕਹਾਣੀਆਂ ਵਿਚ ਪੰਜਾਬੀ ਸਮਾਜ ਦੇ ਕਈ ਘਿਣਾਉਣੇ ਪੱਖ ਵੀ ਉਜਾਗਰ ਹੁੰਦੇ ਹਨ। ਉਹਨਾਂ ਨੇ ‘ਤੁਖਮ’ ਕਹਾਣੀ ਬਾਬਤ ਬੋਲਦਿਆਂ ਕਿਹਾ ਕਿ ਅਸੀਂ ਵਿਗਿਆਨਕ ਤਾਂ ਹੋ ਗਏ ਹਾਂ ਪਰ ਵਿਗਿਆਨਕ ਵਿਚਾਰਧਾਰਾ ਨਹੀਂ ਅਪਣਾਈ। ਉਹਨਾਂ ਅਗਾਂਹ ਕਿਹਾ ਕਿ ਇਹਨਾਂ ਕਹਾਣੀਆਂ ਦਾ ਸੁਆਗਤ ਹੋਣਾ ਚਾਹੀਦਾ ਹੈ।ਇਸ ਉਪਰੰਤ ਉੱਘੇ ਕਹਾਣੀਕਾਰ ਪਰਮਜੀਤ ਮਾਨ ਨੇ ਕਿਹਾ ਕਿ ਕਹਾਣੀ ਸਮਾਜ ਵਿੱਚੋਂ ਹੀ ਉਪਜਦੀ ਹੈ ਅਤੇ ਮਨੁੱਖ ਦੀ ਬਾਤ ਪਾਉਂਦੀ ਹੈ। ਉਹਨਾਂ ਪਹਾੜਾਂ ਦੇ ਸਫ਼ਰ ਦੀ ਕਹਾਣੀ ‘ਹੈਪੀ ਐਡਿੰਗ ਦੇ’ ਕਈ ਪੱਖ ਉਭਾਰੇ।

ਚਰਚਾ ਦੇ ਅਗਲੇ ਦੌਰ ਵਿਚ ਉੱਘੀ ਕਹਾਣੀਕਾਰਾ ਦੀਪਤੀ ਬਬੂਟਾ ਨੇ ਕਹਾਣੀਆਂ ਵਿਚ ਬੇਲੋੜੇ ਵਿਸਥਾਰ ਵੱਲ ਇਸ਼ਾਰਾ ਕੀਤਾ। ਉਹਨਾਂ ਅੱਗੇ ਕਿਹਾ ਕਿ ਕਹਾਣੀ ਵਿਚ ਅਣਕਿਹਾ ਹੋਣਾ ਚਾਹੀਦਾ। ਉਹਨਾਂ ਕਈ ਕਹਾਣੀਆਂ ਦੀ ਬੁਣਤਰ ਦੀ ਵਡਿਆਈ ਵੀ ਕੀਤੀ।

ਪੰਜਾਬ ਯੂਨੀਵਰਸਿਟੀ ਤੋਂ ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਵੱਖਰੇ ਜਾਵੀਏ ਤੋਂ ਗੱਲ ਕਰਦੇ ਹੋਏ ਕਹਾਣੀਆਂ ਦੀ ਫਿਲਾਸਫੀ, ਆਧੁਨਿਕਤਾ ਤੇ ਨੈਤਿਕਤਾ ਬਾਰੇ ਗੱਲ ਕੀਤੀ। ਉਹਨਾਂ ‘ਇਕ ਮਜ਼ਾਰ ਹੋਰ’ ਕਹਾਣੀ ਬਾਬਤ ਬੋਲਦਿਆਂ ਕਿਹਾ ਕਿ ਇਹ ਸੰਸਥਾਵਾਂ ਆਧੁਨਿਕਤਾ ਨੂੰ ਸਿਖਰ ‘ਤੇ ਲਿਜਾਉਣ ਵਾਲ਼ੀਆਂ ਹਨ। ਇਸ ਤੋਂ ਬਾਅਦ ਵੱਡੇ ਕਹਾਣੀਕਾਰ ਬਲੀਜੀਤ ਨੇ ‘ਲਾਲ ਰੱਤਾ’ ਕਹਾਣੀ ਸੰਗ੍ਰਹਿ ਬਾਰੇ ਬੋਲਦਿਆਂ ਕਿਹਾ ਕਿ ਇਹ ਕਹਾਣੀਆਂ ਤਜੁਰਬੇ ਵਿੱਚੋਂ ਆਈਆਂ ਹਨ, ਹਵਾ ਵਿੱਚੋਂ ਨਹੀਂ; ਲੇਖਕ ਦੀ ਘਮੁੱਕੜੀ ਬਿਰਤੀ ਨੇ ਉਸ ਤੋਂ ਇਹ ਕਹਾਣੀਆਂ ਲਿਖਵਾਈਆਂ ਹਨ। ਚਰਚਾ ਦੇ ਅਗਲੇ ਹਿੱਸੇ ਵਿੱਚ ਅੱਜ ਦੇ ਵਿਸ਼ੇਸ਼ ਮਹਿਮਾਨ ਤੇ ਪ੍ਰਮੁੱਖ ਕਹਾਣੀਕਾਰ ਭਗਵੰਤ ਰਸੂਲਪੁਰੀ ਨੇ ਕਿਹਾ ਕਿ ਜੇ ਕਹਾਣੀਆਂ ਵਿਚ ਜਾਨ ਸੀ ਤਾਂ ਉਹ ਏਥੇ ਤਕ ਪਹੁੰਚੀਆਂ ਹਨ। ਉਹਨਾਂ ਉਦਾਹਰਨ ਦਿੰਦੇ ਹੋਏ ਕਿਹਾ ਕਿ ਖਾਲੀ ਬੋਰੀ ਡਿੱਗ ਪੈਂਦੀ ਹੈ, ਜਿਸ ਬੋਰੀ ਵਿਚ ਦਾਣੇ ਹੋਣਗੇ, ਉਹੀ ਖੜੀ ਰਹੇਗੀ। ਉਹਨਾਂ ‘ਇਕ ਮਜ਼ਾਰ ਹੋਰ’ ਕਹਾਣੀ ਦਾ ਉਚੇਚ ਨਾਲ ਜ਼ਿਕਰ ਕੀਤਾ। ਸਮਗਮ ਦੇ ਮੁੱਖ ਮਹਿਮਾਨ ਉੱਘੇ ਕਵੀ, ਵਾਰਤਕਕਾਰ ਗੁਰਦੇਵ ਚੌਹਾਨ ਨੇ ਕਿਹਾ ਕਿ ਇਹਨਾਂ ਕਹਾਣੀਆਂ ਵਿਚ ਪ੍ਰਮਾਣਕਿਤਾ ਹੈ। ਉਹਨਾਂ ਨੂੰ ਇਹ ਕਹਾਣੀਆਂ ਅਸਲੀ ਤੇ ਵਾਪਰੀਆਂ ਲੱਗੀਆਂ। ਅੱਜ ਦੀ ਚਰਚਾ ਦਾ ਕੇਂਦਰ ਕਹਾਣੀ ਸੰਗ੍ਰਹਿ ਦੇ ਲੇਖਕ ਭੁਪਿੰਦਰ ਸਿੰਘ ਮਾਨ ਕਿਹਾ ਕਿ ਉਹ ਸਾਰੇ ਸੁਝਾਏ ਨੁਕਤਿਆਂ ‘ਤੇ ਅਮਲ ਕਰਨਗੇ। ਆਖ਼ਰ ਵਿਚ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਉੱਘੇ ਲੇਖਕ, ਆਲੋਚਕ ਡਾ. ਮਨਮੋਹਨ ਨੇ ਕਿਹਾ ਕਿ ਇਹ ਕਹਾਣੀਆਂ ਇਮਾਨਦਾਰ ਹਨ, ਇਹ ਹਊਮੇ ਤੋਂ ਮੁਕਤ ਹਨ।ਉਹਨਾਂ ਅਗਾਂਹ ਕਿਹਾ ਕਿ ਕਹਾਣੀਆਂ ਮੂਲ ਵਿਚ ਉਹਨਾਂ ਪਲਾਂ ਨੂੰ ਫੜਦੀਆਂ ਜਦ ਮਨੁੱਖ ਉਦਾਸ ਹੈ। ਉਹਨਾਂ ਉਮੀਦ ਕਰਦੇ ਹੋਏ ਕਿਹਾ ਕਿ ਕਹਾਣੀਕਾਰ ਆਪਣਾ ਵੱਖਰਾਪਣ ਕਾਇਮ ਰਖੇਗਾ। ਮੰਚ ਸੰਚਾਲਨ ਸਵਪਨ ਫਾਊਂਡੇਸ਼ਨ ਦੇ ਜਨਰਲ ਸਕੱਤਰ ਲੇਖਕ ਜਗਦੀਪ ਸਿੱਧੂ ਨੇ ਕੀਤਾ। ਇਸ ਸਮਾਗਮ ਵਿਚ ਕਹਾਣੀਕਾਰ ਗੁਲ ਚੌਹਾਨ, ਹਰਚਰਨ ਛੋਹਲਾ, ਸਰੂਪ ਸਿਆਲਵੀ, ਪ੍ਰਿੰ. ਸਤਨਾਮ ਸ਼ੋਕਰ, ਕੇਵਲਜੀਤ, ਗੁਰਦੀਪ ਸਿੰਘ, ਕੁਲਦੀਪ ਸਿੰਘ, ਅਮਰਜੀਤ ਮਾਨ, ਹਰਵਿੰਦਰ ਸਿੰਘ, ਧਿਆਨ ਸਿੰਘ ਕਾਹਲੋਂ, ਵਰਿੰਦਰ ਸਿੰਘ, ਸੁਰਮੀਤ ਮਾਵੀ, ਮੰਗਾ ਸਿੰਘ, ਭੁਪਿੰਦਰ ਮਲਿਕ ਜੇ.ਐਸ. ਮਹਿਰਾ ਆਦਿ ਨੇ ਸ਼ਿਰਕਤ ਕੀਤੀ।

Published on: ਅਪ੍ਰੈਲ 24, 2025 12:44 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।