ਡਾ. ਜਸਪ੍ਰੀਤ ਕੌਰ ਨੇ UPSC ਪ੍ਰੀਖਿਆ ਵਿੱਚ 829ਵਾਂ ਰੈਂਕ ਪ੍ਰਾਪਤ ਕਰ ਮੋਰਿੰਡਾ ਦਾ ਵਧਾਇਆ ਮਾਣ
ਮੋਰਿੰਡਾ, 25 ਅਪ੍ਰੈਲ ਭਟੋਆ
ਮੋਰਿੰਡਾ ਦੀ ਵਸਨੀਕ ਡਾ. ਜਸਪ੍ਰੀਤ ਕੌਰ ਨੇ ਦੇਸ਼ ਦੀ ਸਭ ਤੋਂ ਮਹੱਤਵਪੂਰਨ ਪ੍ਰੀਖਿਆ UPSC ਦੀ ਪ੍ਰੀਖਿਆ ਨੂੰ ਪਹਿਲੀ ਕੋਸ਼ਿਸ਼ ਵਿੱਚ ਹੀ ਪਾਸ ਕਰਕੇ ਮੋਰਿੰਡਾ ਸ਼ਹਿਰ ਅਤੇ ਜਿਲਾ ਰੂਪਨਗਰ ਦਾ ਮਾਣ ਵਧਾਇਆ ਹੈ। ਮੋਰਿੰਡਾ ਨੂੰ ਇਹ ਮਾਣ ਸਤਿਕਾਰ ਦੂਜੀ ਵਾਰ ਮਿਲਿਆ ਹੈ,ਅਤੇ ਦੋਨੋਂ ਵਾਰ ਹੀ ਇਸ ਪ੍ਰੀਖਿਆ ਵਿੱਚੋਂ ਲੜਕੀਆਂ ਨੇ ਹੀ ਬਾਜੀ ਮਾਰੀ ਹੈ। ਇਸ ਤੋ ਪਹਿਲਾਂ ਸਾਲ 2010 ਵਿੱਚ ਮੋਰਿੰਡਾ ਦੀ ਤਹਿਸੀਲ ਵਿੱਚ ਚਪੜਾਸੀ ਵਜੋਂ ਕੰਮ ਕਰਦੇ ਰਣਜੀਤ ਸਿੰਘ ਦੀ ਲੜਕੀ ਸੰਦੀਪ ਕੌਰ ਨੇ ਇਹ ਪ੍ਰੀਖਿਆ ਪਾਸ ਕਰਕੇ ਆਈਏਐਸ ਦਾ ਅਹੁਦਾ ਹਾਸਲ ਕੀਤਾ ਸੀ ਜਿਹੜੀ ਕਿ ਹੁਣ ਲਖਨਊ ਵਿਖੇ ਡਾਇਰੈਕਟਰ ਵੁਮਨ ਵੈਲਫੇਅਰ ਤੇ ਐਮਡੀ ਵੂਮੈਨ ਵੈਲਫੇਅਰ ਵਜੋਂ ਸੇਵਾਵਾਂ ਨਿਭਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੋਰਿੰਡਾ ਦੇ ਵਸਨੀਕ ਤੇ ਪੰਜਾਬ ਪੁਲਿਸ ਹੈਡਕੁਆਰਟਰ ਵਿੱਚ ਸਬ ਇੰਸਪੈਕਟਰ ਵਜੋ ਸੇਵਾ ਨਿਭਾ ਰਹੇ ਸਰਬਜੀਤ ਸਿੰਘ ਅਤੇ ਕਮਲਜੀਤ ਕੌਰ ਦੀ ਧੀ ਡਾ. ਜਸਪ੍ਰੀਤ ਕੌਰ ਨੇ 2023 ਵਿੱਚ ਸਰਕਾਰੀ ਕਾਲਜ ਪਟਿਆਲਾ ਤੋਂ ਐੱਮ.ਬੀ.ਬੀ.ਐੱਸ. ਦੀ ਪੜਾਈ ਮੁਕੰਮਲ ਕੀਤੀ। ਜਦਕਿ ਜਸਪ੍ਰੀਤ ਕੌਰ ਨੇ ਮੁੱਢਲੀ ਵਿੱਦਿਆ ਸਾਹਿਬਜਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਤੋਂ ਪ੍ਰਾਪਤ ਕੀਤੀ। । ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਉਹਨਾਂ ਨੇ ਐੱਮ.ਬੀ.ਬੀ.ਐੱਸ. ਦੀ ਪੜਾਈ ਕਰਨ ਤੋਂ ਬਾਅਦ ਇੱਕ ਸਾਲ ਚੰਡੀਗੜ੍ਹ ਕੋਚਿੰਗ ਵੀ ਪ੍ਰਾਪਤ ਕੀਤੀ। ਜਿਸ ਦੌਰਾਨ ਉਨਾਂ ਵਲੋਂ ਚੰਡੀਗੜ੍ਹ ਤੋਂ ਮੋਰਿੰਡਾ ਆ ਕੇ ਰੋਜਾਨਾ 12 ਤੋਂ 16 ਘੰਟੇ ਤੱਕ ਯੂ.ਪੀ.ਐੱਸ.ਸੀ. ਦੀ ਪੜਾਈ ਕੀਤੀ ਗਈ। ਉਹਨਾਂ ਦੱਸਿਆ ਕਿ ਆਪਣੇ ਪਰਿਵਾਰ ਦੇ ਸਹਿਯੋਗ ਸਦਕਾ ਹੀ ਉਹ ਪੜਾਈ ਲਈ ਐਨਾ ਸਮਾਂ ਕੱਢ ਸਕੀ ਹੈ ਅਤੇ 26 ਸਾਲ ਦੀ ਉਮਰ ਵਿੱਚ , ਉਸ ਨੇ ਪਹਿਲੀ ਕੋਸ਼ਿਸ਼ ਵਿੱਚ ਹੀ ਯੂ.ਪੀ.ਐੱਸ.ਸੀ. ਪ੍ਰੀਖਿਆ ਪਾਸ ਕਰਕੇ ਦੇਸ਼ ਭਰ ਵਿੱਚੋ 829 ਵਾਂ ਰੈੰਕ ਹਾਸਿਲ ਕੀਤਾ ਹੈ। ਜੋ ਉਨਾ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਉਹਨਾਂ ਪੰਜਾਬ ਦੇ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਮਿਹਨਤ ਨਾਲ ਹੀ ਆਪਣੇ ਦੇਸ਼ ਵਿੱਚ ਵੱਡੇ-ਵੱਡੇ ਮੁਕਾਮ ਹਾਸਿਲ ਕੀਤੇ ਜਾ ਸਕਦੇ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਉਹ ਹੋਰ ਮਿਹਨਤ ਕਰਕੇ ਅੱਗੇ ਵਧਣਾ ਚਾਹੁੰਦੀ ਹੈ। ਉਹਨਾਂ ਦੱਸਿਆ ਕਿ ਉਹ ਐੱਮ.ਬੀ.ਬੀ.ਐੱਸ. ਕਰਨ ਉਪਰੰਤ ਡਾਕਟਰੀ ਦੇ ਪੇਸ਼ੇ ਤੋਂ ਸੰਤੁਸ਼ਟ ਨਹੀਂ ਸੀ ਅਤੇ ਲੋਕਾਂ ਲਈ ਕੁੱਝ ਹੋਰ ਜਿਆਦਾ ਕਰਨ ਦੀ ਚਾਹਤ ਰੱਖਦੀ ਸੀ। ਇਸੇ ਕਾਰਨ ਉਸ ਨੇ ਮਿਹਨਤ ਕਰਕੇ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਪਾਸ ਕੀਤੀ। ਉਨਾ ਕਿਹਾ ਕਿ ਉਹ ਆਪਣੀ ਇਸ ਕਾਮਯਾਬੀ ਤੋਂ ਕਾਫੀ ਖੁਸ਼ ਹਨ ਅਤੇ ਇਸ ਮਾਣਮੱਤੀ ਪ੍ਰਾਪਤੀ ਲਈ ਪਰਮਾਤਮਾ ਤੇ ਆਪਣੇ ਪਰਿਵਾਰ ਦਾ ਧੰਨਵਾਦ ਕਰਦੇ ਹਨ। ਜਿਨਾ ਨੇ ਹਰ ਔਖੇ ਸਮੇ ਉਸ ਦਾ ਸਾਥ ਦੇ ਕੇ ਹੋਰ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ ਤੇ ਡੋਲਣ ਨਹੀ ਦਿੱਤਾ।
ਮੋਰਿੰਡਾ ਵਾਸੀਆਂ ਨੂੰ ਡਾ. ਜਸਪ੍ਰੀਤ ਕੌਰ ਦੀ ਇਸ ਪ੍ਰਾਪਤੀ ਤੇ ਬਹੁਤ ਮਾਣ ਹੈ। ਡਾ. ਜਸਪ੍ਰੀਤ ਕੌਰ ਦੇ ਮਾਤਾ ਕਮਲਜੀਤ ਕੌਰ ਹਾਊਸ ਵਾਈਫ ਹਨ, ਜਦਕਿ ਡਾ. ਜਸਪ੍ਰੀਤ ਕੌਰ ਦਾ ਵੱਡਾ ਭਰਾ ਵੀ ਪੰਜਾਬ ਪੁਲਿਸ ਵਿੱਚ ਹੈਡ ਕਾਂਸਟੇਬਲ ਹੈ।
Published on: ਅਪ੍ਰੈਲ 25, 2025 1:35 ਬਾਃ ਦੁਃ