ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ‘ਤੇ ਕਾਤਲਾਨਾ ਹਮਲਾ
ਰਾਡਾ ਨਾਲ ਦੋਵੇਂ ਲੱਤ ਤੇ ਇੱਕ ਬਾਂਹ ਤੋੜੀ ਅਤੇ ਗੱਡੀ ਦੀ ਵੀ ਬੁਰੀ ਤਰ੍ਹਾਂ ਭੰਨਤੋੜ ਕੀਤੀ
ਦਲਜੀਤ ਕੌਰ
ਲਹਿਰਾਗਾਗਾ, 25 ਅਪ੍ਰੈਲ, 2025: ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾ, ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਕੁਲਦੀਪ ਸਿੰਘ ਚੂਲੜ ਨੇ ਦੱਸਿਆ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਨੇੜਲੇ ਪਿੰਡ ਖਾਈ ਦੇ ਇੱਕ ਗਰੀਬ ਪਰਿਵਾਰ ਦੀ ਜਮੀਨ ਲਹਿਰੇ ਇਲਾਕੇ ਵਿੱਚ ਸਰਗਰਮ ਭੂ ਮਾਫੀਆ ਧੱਕੇ ਨਾਲ ਦੱਬਣੀ ਚਾਹੁੰਦਾ ਸੀ। ਉਨ੍ਹਾਂ ਦੱਸਿਆ ਕਿ ਜਿਸ ਦੇ ਖ਼ਿਲਾਫ਼ ਕੱਲ੍ਹ ਪਿੰਡ ਖਾਈ ਦਾ ਇਕੱਠ ਹੋਇਆ ਸੀ ਜਿਸ ਵਿੱਚ ਸਾਰੇ ਪਿੰਡ ਨੇ ਅਤੇ ਕਿਰਤੀ ਕਿਸਾਨ ਯੂਨੀਅਨ ਨੇ ਗਰੀਬ ਪਰਿਵਾਰ ਦੇ ਹੱਕ ਵਿੱਚ ਸਟੈਂਡ ਲੈਂਦਿਆਂ ਉਕਤ ਭੂ ਮਾਫੀਆ ਗਰੋਹ ਨੂੰ ਕਬਜ਼ਾ ਕਰਨ ਤੋਂ ਵਰਜਿਆ ਸੀ। ਇਸ ਮਾਮਲੇ ਦੀ ਪੈਰਵਾਈ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਜਿਲਾ ਕਨਵੀਨਰ ਨਿਰਭੈ ਸਿੰਘ ਖਾਈ ਕਰ ਰਹੇ ਸਨ। ਆਪਣੇ ਮਨਸੂਬੇ ਸਫਲ ਨਾ ਹੁੰਦਿਆਂ ਦੇਖ ਕੇ ਉਕਤ ਭੂ-ਮਾਫੀਆ ਗਰੋਹ ਦੇ ਗੁੰਡਿਆਂ ਨੇ ਅੱਜ ਸਵੇਰੇ ਜਦੋਂ ਨਿਰਭੈ ਸਿੰਘ ਖਾਈ ਆਪਣੀ ਸਰਕਾਰੀ ਡਿਊਟੀ ਕਰਨ ਸਕੂਲ ਜਾ ਰਹੇ ਸਨ ਤਾਂ ਉਹਨਾਂ ਨੂੰ ਰਸਤੇ ਵਿੱਚ ਇੱਕ ਗੱਡੀ ਨੇ ਅੱਗਿਓਂ ਫੇਟ ਮਾਰੀ ਤੇ ਇੱਕ ਗੱਡੀ ਨਾਲ ਪਿੱਛੋਂ ਫੇਟ ਮਾਰੀ ਤੇ ਘੇਰ ਕੇ ਬੁਰੀ ਤਰ੍ਹਾਂ ਲੋਹੇ ਦੀਆਂ ਰਾਡਾ ਨਾਲ ਦੋਵੇਂ ਲੱਤਾਂ ਤੇ ਇੱਕ ਬਾਹ ਤੋੜ ਦਿੱਤੀ ਗਈ ਅਤੇ ਗੱਡੀ ਦੀ ਵੀ ਬੁਰੀ ਤਰ੍ਹਾਂ ਭੰਨਤੋੜ ਕੀਤੀ। ਉਕਤ ਹਮਲਾਵਰ ਨਿਰਭੈ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਅਗਵਾਹ ਕਰਕੇ ਲੈ ਕੇ ਜਾ ਰਹੇ ਸਨ ਪਰ ਆਲੇ ਦੁਆਲੇ ਲੋਕ ਇਕੱਠੇ ਹੋਣ ਤੇ ਕੁੱਟਮਾਰ ਕਰਕੇ ਛੱਡ ਕੇ ਭੱਜ ਗਏ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਜ਼ਿਲਾ ਸਕੱਤਰ ਦਰਸ਼ਨ ਸਿੰਘ ਕੁੰਨਰਾ, ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਕੁਲਦੀਪ ਸਿੰਘ ਚੂਲੜ ਨੇ ਦੱਸਿਆ ਕਿ ਨਿਰਭੈ ਸਿੰਘ ਤੇ ਉਕਤ ਹਮਲਾ ਗਰੀਬ ਪਰਿਵਾਰ ਦੀ ਜਮੀਨ ਤੇ ਭੂ ਮਾਫੀਆ ਨੂੰ ਕਬਜ਼ੇ ਤੋਂ ਰੋਕਣ ਦੀ ਰੰਜਿਸ਼ ਹੇਠ ਕੀਤਾ ਗਿਆ ਹੈ ਤੇ ਇਸ ਹਮਲੇ ਪਿੱਛੇ ਪਿੰਡ ਚੂਲੜ ਖੁਰਦ ਦੇ ਮੌਜੂਦਾ ਸਰਪੰਚ ਬਿੱਲਾ, ਲੇਹਲ ਕਲਾਂ ਦੇ ਮੌਜੂਦਾ ਸਰਪੰਚ ਫੌਜੀ, ਲਾਡੀ ਸੇਖੂਵਾਸ, ਪੱਪਣ ਲਦਾਲ ਸਮੇਤ 8-9 ਅਣਪਛਾਤੇ ਵਿਅਕਤੀ ਸ਼ਾਮਿਲ ਸਨ। ਜਥੇਬੰਦੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਫੌਰੀ ਉਹਨਾਂ ਤੇ ਬਣਦੀ ਕਾਰਵਾਈ ਕਰਕੇ ਪਰਚਾ ਦਰਜ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਫੌਰੀ ਗਿਰਫ਼ਤਾਰ ਕੀਤਾ ਜਾਵੇ। ਜਥੇਬੰਦੀਆਂ ਨੇ ਐਲਾਨ ਕੀਤਾ ਕਿ ਇਸ ਕਾਤਿਲਾਨਾ ਹਮਲੇ ਤੋਂ ਡਰ ਕੇ ਜਥੇਬੰਦੀ ਪਿੱਛੇ ਨਹੀਂ ਹਟੇਗੀ ਤੇ ਉਸ ਉਕਤ ਗਰੀਬ ਪਰਿਵਾਰ ਦੀ ਜਮੀਨ ਤੇ ਭੂ-ਮਾਫੀਆ ਨੂੰ ਕਾਬਜ਼ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜੇਕਰ ਪ੍ਰਸ਼ਾਸਨ ਨੇ ਉਕਤ ਗੁਡਿਆਂ ਤੇ ਬਣਦੀ ਕਾਰਵਾਈ ਨਾ ਕੀਤੀ ਤਾਂ ਜਥੇਬੰਦੀ ਤਿੱਖੇ ਸੰਘਰਸ਼ ਤੋਂ ਪਿੱਛੇ ਨਹੀਂ ਹਟੇਗੀ।
Published on: ਅਪ੍ਰੈਲ 25, 2025 4:25 ਬਾਃ ਦੁਃ