ਕਿਸਾਨਾਂ ਨੂੰ ਫ਼ਸਲ ਦੀ ਕਟਾਈ ਜਲਦ ਕਰਨ ਦੇ ਹੁਕਮ
ਪਠਾਨਕੋਟ, 25 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਕਾਰਨ ਸਰਹੱਦ ‘ਤੇ ਬੀਐਸਐਫ ਦੇ ਨਾਲ-ਨਾਲ ਫੌਜ ਦੀ ਤਾਇਨਾਤੀ ਵੀ ਵਧਾ ਦਿੱਤੀ ਗਈ ਹੈ। ਪਠਾਨਕੋਟ ਤੋਂ ਫਾਜ਼ਿਲਕਾ ਤੱਕ 553 ਕਿਲੋਮੀਟਰ ਲੰਬੀ ਸਰਹੱਦ ‘ਤੇ ਫੌਜ ਦੀਆਂ ਸਰਗਰਮੀਆਂ ਅਚਾਨਕ ਵਧ ਗਈਆਂ ਹਨ। ਇਸ ਕਾਰਨ ਸਰਹੱਦੀ ਪਿੰਡਾਂ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਪਿੰਡ ਵਾਸੀ ਇਸ ਗੱਲੋਂ ਚਿੰਤਤ ਹਨ ਕਿ ਉਨ੍ਹਾਂ ਨੂੰ ਕਿਸੇ ਵੇਲੇ ਵੀ ਪਿੰਡ ਖਾਲੀ ਕਰਨ ਦੇ ਹੁਕਮ ਹੋ ਸਕਦੇ ਹਨ। ਜਦੋਂ ਵੀ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੈ ਤਾਂ ਸਰਹੱਦੀ ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।
ਫਿਰੋਜ਼ਪੁਰ ਦੇ ਸਰਹੱਦੀ ਪਿੰਡ ਭੈਣੇ ਵਾਲਾ ਦੇ ਪਿੰਡ ਵਾਸੀ ਗੁਰਦੇਵ ਸਿੰਘ, ਮੰਗਲ ਸਿੰਘ ਅਤੇ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਸੁਰੱਖਿਆ ਏਜੰਸੀਆਂ ਦੀਆਂ ਗੱਡੀਆਂ ਦੀ ਆਵਾਜਾਈ ਵਧ ਗਈ ਹੈ। ਬੀਐਸਐਫ ਦੇ ਜਵਾਨਾਂ ਦੀ ਗਿਣਤੀ ਵਧਾਈ ਗਈ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਕੰਡਿਆਲੀ ਤਾਰ ਤੋਂ ਕੁਝ ਦੂਰੀ ’ਤੇ ਹੈ, ਉਨ੍ਹਾਂ ਨੂੰ ਜਲਦੀ ਹੀ ਆਪਣੀ ਫ਼ਸਲ ਦੀ ਕਟਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਕਿਸਾਨਾਂ ਨੇ ਕੰਬਾਈਨ ਹਾਰਵੈਸਟਰਾਂ ਨਾਲ ਜਲਦੀ ਵਾਢੀ ਕਰਨੀ ਸ਼ੁਰੂ ਕਰ ਦਿੱਤੀ ਹੈ। ਫਿਰੋਜ਼ਪੁਰ ਦਾ ਪਿੰਡ ਕਾਲੂ ਵਾਲਾ ਤਿੰਨ ਪਾਸਿਓਂ ਸਤਲੁਜ ਦਰਿਆ ਨਾਲ ਘਿਰਿਆ ਹੋਇਆ ਹੈ। ਇਸ ਦੇ ਇੱਕ ਪਾਸੇ ਪਾਕਿਸਤਾਨ ਹੈ। ਪਿੰਡ ਵਾਸੀ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਇਸ ਪਿੰਡ ਨੂੰ ਖਾਲੀ ਕਰਵਾਇਆ ਜਾਂਦਾ ਹੈ। ਇੱਥੇ ਰਹਿਣ ਵਾਲੇ ਪਿੰਡ ਵਾਸੀ ਡਰੇ ਹੋਏ ਹਨ। ਹਾਲਾਂਕਿ, ਅਜਿਹੇ ਹਾਲਾਤ ਇੱਥੇ ਨਵੇਂ ਨਹੀਂ ਹਨ।
Published on: ਅਪ੍ਰੈਲ 25, 2025 1:41 ਬਾਃ ਦੁਃ