ਜਨਤਕ ਜਥੇਬੰਦੀਆਂ ਨੇ ਰੈਲੀ ਕਰਕੇ ਪਹਿਲਗਾਮ ਦੇ ਕਾਤਲਾਂ ਲਈ ਸਖ਼ਤ ਸਜ਼ਾਵਾਂ ਦੀ ਕੀਤੀ ਮੰਗ 

ਪੰਜਾਬ

ਦਲਜੀਤ ਕੌਰ 

ਬਰਨਾਲਾ, 26 ਅਪ੍ਰੈਲ, 2025: ਜਮਹੂਰੀ ਅਧਿਕਾਰ ਸਭਾ ਬਰਨਾਲਾ ਦੇ ਸੱਦੇ ’ਤੇ ਅੱਜ ਬਰਨਾਲਾ ਜਿਲ੍ਹੇ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਨੇ ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ਨੇੜੇ ਇਕ ਭਰਵੀਂ ਰੈਲੀ ਕਰਕੇ ਪਹਿਲਗਾਮ ਦੀ ਘਟਨਾ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਉਪਰੰਤ ਸ਼ਹਿਰ ਵਿਚ ਰੋਸ ਮਾਰਚ ਕਰਕੇ, ਮੌਜੂਦਾ ਉਤੇਜ਼ਨਾ ਭਰੇ ਮਾਹੌਲ ਵਿਚ ਭਾਈਚਾਰਕ ਏਕਤਾ ਬਣਾਈ ਰੱਖਣ ਦੀ ਜ਼ਰੂਰਤ ’ਤੇ ਜ਼ੋਰ ਦਿਤਾ। ਸਭਾ ਦੀ ਬਰਨਾਲਾ ਇਕਾਈ ਦੇ ਪ੍ਰਧਾਨ ਸੋਹਣ ਸਿੰਘ ਮਾਝੀ ਕੇ ਕਿਹਾ ਕਿ ਇਹ ਮੰਦਭਾਗੀ ਘਟਨਾ ਲੋਕ-ਦੋਖੀ ਤਾਕਤਾਂ ਦੀ ਸਾਜ਼ਿਸ਼ ਹੈ ਜਿਹੜੀਆਂ ਲੋਕਾਂ ਵਿਚ ਫਿਰਕੂ ਵੰਡੀਆਂ ਪਾਉਣੀਆਂ ਚਾਹੁੰਦੀਆਂ ਹਨ। 

ਰੈਲੀ ਨੂੰ ਡੀਟੀਐੱਫ ਆਗੂ ਗੁਰਮੀਤ ਸੁਖਪੁਰ, ਬੀਕੇਯੂ ਉਗਰਾਹਾਂ ਦੇ ਬਲੌਰ ਸਿੰਘ ਬਦਰਾ, ਪਸਸਫ ਦੇ ਦਰਸ਼ਨ ਚੀਮਾ, ਇਨਕਲਾਬੀ ਕੇਂਦਰ ਦੇ ਖੁਸ਼ਵਿੰਦਰਪਾਲ, ਤਰਕਸ਼ੀਲ ਆਗੂ ਰਾਜਿੰਦਰ ਭਦੌੜ, ਮਨਰੇਗਾ ਮਜ਼ਦੂਰ ਯੂਨੀਅਨ ਦੇ ਜਗਰਾਜ ਰਾਮਾ, ਬੀਕੇਯੂ ਡਕੌਂਦਾ ਦੀ ਆਗੂ ਅਮਰਜੀਤ ਕੌਰ, ਸਾਬਕਾ ਸਿਵਲ ਸਰਜਨ ਡਾਕਟਰ ਜਸਵੀਰ ਔਲਖ ਤੋਂ ਇਲਾਵਾ ਟੀਐੱਸਯੁ, ਜੈ ਕਿਸਾਨ ਅੰਦੋਲਨ, ਮਜ਼ਦੂਰ ਅਧਿਕਾਰ ਮੰਚ ਤੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਬੇਦੋਸ਼ੇ ਲੋਕਾਂ ਨੂੰ ਕਤਲ ਕਰਨ ਦੀ ਅਣਮਨੁੱਖੀ ਤੇ ਅਤਿ-ਨਿੰਦਣਯੋਗ ਕਾਰਵਾਈ ਲਈ ਜ਼ਿੰਮੇਵਾਰ ਲੋਕਾਂ ਨੂੰ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਆਗੂਆਂ ਨੇ ਘਟਨਾ ਦੀ ਉਚ ਪੱਧਰੀ ਤੇ ਨਿਰਪੱਖ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ। ਕਸ਼ਮੀਰ ਦੇ ਲੋਕਾਂ ਨੇ ਜਿਸ ਪ੍ਰਕਾਰ ਪੀੜਤਾਂ ਦੀ ਮਦਦ ਕੀਤੀ ਅਤੇ ਕਸ਼ਮੀਰ ਵ੍ਵਿਚ ਮੁਕੰਮਲ ਬੰਦ ਕਰਕੇ ਇਸ ਘਿਣਾਉਣੀ ਕਾਰਵਾਈ ਦਾ ਵਿਰੋਧ ਕੀਤਾ, ਉਸ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਪਰ ਇਸ ਘਟਨਾ ਤੋਂ ਬਾਅਦ ਦੇਸ਼ ਵਿਚ ਜੋ ਮਾਹੌਲ ਬਣ ਰਿਹਾ ਹੈ, ਉਹ ਬਹੁਤ ਚਿੰਤਾਜਨਕ ਹੈ। ਇਸ ਘਿਣਾਉਣੇ ਕਾਰੇ ਦੇ ਸਾਜਿਸ਼ਘਾੜਿਆਂ ਦੀ ਹੀ ਇਹੀ ਮਨਸ਼ਾ ਹੈ ਕਿ ਫਿਰਕਿਆਂ ਦਰਮਿਆਨ ਵੰਡੀਆਂ ਪਾਈਆਂ ਜਾਣ। ਜੇਕਰ ਅਸੀਂ ਭਾਈਚਾਰਕ ਏਕਤਾ ਨੂੰ ਕਾਇਮ ਨਹੀਂ ਰੱਖ ਸਕਾਂਗੇ ਤਾਂ ਉਨ੍ਹਾਂ ਕਾਲੀਆਂ ਤਾਕਤਾਂ ਦੇ ਕਾਲੇ ਮਨਸੂਬਿਆਂ ਨੂੰ ਹੀ ਅੰਜ਼ਾਮ ਦੇ ਰਹੇ ਹੋਵਾਂਗੇ। ਪਿਛਲੇ ਦਿਨਾਂ ਦੌਰਾਨ ਮੁਲਕ ਦੇ ਕਈ ਹਿੱਸਿਆਂ ਵਿਚ ਜਿਸ ਪ੍ਰਕਾਰ ਕਸ਼ਮੀਰੀ ਵਿਦਿਆਂਰਥੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਕਸ਼ਮੀਰੀ ਔਰਤਾਂ ਤੇ ਲੜਕੀਆਂ ਦੀ ਬੇਹੁਰਮਤੀ ਕੀਤੀ ਗਈ ਹੈ, ਉਸ ਦੀ ਹਰ ਇਨਸਾਫਪਸੰਦ ਨਾਗਰਿਕ ਨੂੰ ਚਿੰਤਾ ਹੋਣੀ ਚਾਹੀਦੀ ਹੈ।

ਇਕੱਤਰਤਾ ਨੇ ਇਕ ਮਤੇ ਰਾਹੀਂ ਪਹਿਲਗਾਮ ਘਟਨਾ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਅਤੇ ਪੰਜਾਬ ਪੁਲਿਸ ਦੁਆਰਾ ਚਾਉਕੇ ਆਦਰਸ਼ ਸਕੂਲ ਦੇ ਧਰਨੇ ਉਪਰ ਅਤੇ ਅੱਜ ਅਖਾੜਾ ਪਿੰਡ ਵਿਚ ਆਪਣੀਆਂ ਮੰਗਾਂ ਦੇ ਹੱਕ ਵਿਚ ਧਰਨਾ ਦੇ ਰਹੇ ਕਿਸਾਨਾਂ, ਔਰਤਾਂ ਤੇ ਬੱਚਿਆਂ ਉਪਰ ਕੀਤੀ ਪੁਲਿਸ ਕਾਰਵਾਈ ਦੀ ਨਿਖੇਧੀ ਕੀਤੀ ਅਤੇ ਗ੍ਰਿਫਤਾਰ ਕੀਤੇ ਸਾਰੇ ਸਾਰੇ ਕਿਸਾਨ ਆਗੂਆਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕੀਤੀ। ਸਟੇਜ ਦੀ ਕਾਰਵਾਈ ਸਭਾ ਦੇ ਸਕੱਤਰ ਬਿਕਰ ਸਿੰਘ ਔਲਖ ਨੇ ਬਾਖੂਬੀ ਨਿਭਾਈ।

Published on: ਅਪ੍ਰੈਲ 26, 2025 10:24 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।