ਫਾਜ਼ਿਲਕਾ 27 ਅਪ੍ਰੈਲ , ਦੇਸ਼ ਕਲਿੱਕ ਬਿਓਰੋ
ਨਰਿੰਦਰ ਪਾਲ ਸਿੰਘ ਸਵਨਾ ਵਿਧਾਇਕ ਫਾਜ਼ਿਲਕਾ ਨੇ ਸਥਾਨਕ ਮਾਰਕੀਟ ਕਮੇਟੀ ਦਫਤਰ ਵਿਖੇ ਆੜਤੀਆ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਬੈਠਕ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਉਨ ਨੇ ਆੜਤੀਆ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਨਿਪਟਾਰਾ ਹੋਵੇਗਾ। ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਕਣਕ ਦੀ ਲਿਫਟਿੰਗ ਤੇਜ਼ ਕਰਨ ਦੀ ਸਖਤ ਹਦਾਇਤ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਏਜੰਸੀਆਂ ਨੂੰ ਪਾਬੰਦ ਕੀਤਾ ਜਾ ਰਿਹਾ ਹੈ ਕਿ ਉਹ ਤੇਜ਼ੀ ਨਾਲ ਲਿਫਟਿੰਗ ਕਰਨ । ਉਹਨਾਂ ਨੇ ਕਿਹਾ ਕਿ ਬੀਤੇ ਇੱਕ ਦਿਨ ਵਿੱਚ ਲਗਭਗ 34 ਹਜਾਰ ਮੀਟਰਿਕ ਟਨ ਕਣਕ ਦੀ ਲਿਫਟਿੰਗ ਹੋਈ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਉਹਨਾਂ ਨੇ ਕਿਹਾ ਕਿ ਹੁਣ ਇਸ ਨੂੰ ਹੋਰ ਵਧਾਇਆ ਜਾ ਰਿਹਾ ਹੈ ਅਤੇ ਕਿਉਂ ਜੋ ਹੁਣ ਨਵੀਂ ਕਣਕ ਦੀ ਆਮਦ ਘਟਣ ਲੱਗੀ ਹੈ ਇਸ ਲਈ ਬਹੁਤ ਜਲਦ ਸਾਰੀ ਕਣਕ ਮੰਡੀਆਂ ਵਿੱਚੋਂ ਚੱਕ ਲਈ ਜਾਵੇਗੀ। ਉਹਨਾਂ ਨੇ ਕਿਹਾ ਕਿ ਇਸ ਸਾਰੀ ਪ੍ਰਕਿਆ ਦੌਰਾਨ ਕਿਸਾਨ ਨੂੰ ਕੋਈ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾ ਰਿਹਾ ਅਤੇ ਕਿਸਾਨ ਦੀ ਫਸਲ ਨਾਲੋਂ ਨਾਲ ਵਿਕ ਰਹੀ ਹੈ ਅਤੇ ਨਾਲੋਂ ਨਾਲ ਹੀ ਕਿਸਾਨਾਂ ਨੂੰ ਅਦਾਇਗੀ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਫਸਲ ਦੀ ਤੁਲਾਈ ਹੋ ਜਾਣ ਤੋਂ ਬਾਅਦ ਕਿਸਾਨ ਦਾ ਕੋਈ ਸਰੋਕਾਰ ਨਹੀਂ ਹੁੰਦਾ ਅਤੇ ਉਸਨੂੰ ਅਦਾਇਗੀ ਹੋ ਜਾਂਦੀ ਹੈ। ਖਰੀਦੀ ਗਈ ਕਣਕ ਸਬੰਧਤ ਖਰੀਦ ਏਜੰਸੀ ਦੀ ਹੁੰਦੀ ਹੈ ਅਤੇ ਉਸਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਜਲਦੀ ਤੋਂ ਜਲਦੀ ਲਿਫਟਿੰਗ ਕਰੇ। ਉਨਾਂ ਨੇ ਕਿਹਾ ਕਿ ਅਨਲੋਡਿੰਗ ਵਾਲੀ ਥਾਂ ਤੇ ਲੇਬਰ ਦੀ ਕਮੀ ਦੀ ਸ਼ਿਕਾਇਤ ਮਿਲੀ ਸੀ ਜਿਸ ਨੂੰ ਦੂਰ ਕਰਨ ਦੀ ਸਖਤ ਹਦਾਇਤ ਕਰ ਦਿੱਤੀ ਗਈ ਹੈ।। ਉਹਨਾਂ ਨੇ ਕਿਹਾ ਕਿ ਇਸ ਲਈ ਕਿਸੇ ਵੀ ਆੜਤੀਏ ਨੂੰ ਪਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ।
Published on: ਅਪ੍ਰੈਲ 27, 2025 5:56 ਬਾਃ ਦੁਃ