ਚੰਡੀਗੜ੍ਹ, 27 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਸੀ. ਪੀ. ਆਈ., ਸੀ. ਪੀ. ਐਮ. (ਜ਼ਿਲ੍ਹਾ ਚੰਡੀਗੜ੍ਹ ਅਤੇ ਮੋਹਾਲੀ) ਅਤੇ ਹੋਰ ਭਰਾਤਰੀ ਜਥੇਬੰਦੀਆਂ ਵਲੋਂ ਪਹਿਲਗਾਮ ਵਿਖੇ ਨਿਰਦੋਸ਼ ਭਾਰਤੀਆਂ ਉਤੇ ਹੋਏ ਆਤੰਕੀ ਹਮਲੇ ਖਿਲਾਫ਼ ਪਲਾਜ਼ਾ, ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਦੋ ਮਿੰਟ ਦਾ ਮੋਨ ਧਾਰ ਕੇ ਦਹਿਸ਼ਤਗਰਦਾਂ ਵਲੋਂ ਮਾਰੇ ਗਏ ਨਿਰਦੋਸ਼ ਭਾਰਤੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਕਿਰਤੀਆਂ, ਵਿਦਿਆਰਥੀਆਂ, ਵਕੀਲਾਂ ਅਤੇ ਆਮ ਸ਼ਹਿਰੀਆਂ ਦੇ ਵਿਸ਼ਾਲ ਇਕੱਠ ਦੌਰਾਨ ਸਰਬਸ੍ਰੀ ਦੇਵੀ ਦਿਆਲ ਸ਼ਰਮਾ, ਐਮ ਐਸ ਗੋਰਸੀ, ਡਾ. ਸੁਲਤਾਨਾ, ਜਸਪਾਲ ਦੱਪਰ, ਡਾ. ਕੰਮਲਜੀਤ ਕੌਰ ਢਿੱਲੋਂ, ਕੁਲਦੀਪ ਸਿੰਘ, ਕਰਮ ਸਿੰਘ ਵਕੀਲ, ਰਾਜ ਕੁਮਾਰ ਅਤੇ ਦਿਨੇਸ਼ ਪ੍ਰਸ਼ਾਦ ਨੇ ਵਿਚਾਰ ਪੇਸ਼ ਕੀਤੇ।
ਬੁਲਾਰਿਆਂ ਨੇ ਪਹਿਲਗਾਮ ਹਮਲੇ ਲਈ ਕੇਂਦਰ ਸਰਕਾਰ ਅਤੇ ਦੇਸ਼ ਦੀਆਂ ਸੁਰਖਿਆ ਏਜੰਸੀਆਂ ਨੂੰ ਸਤਰਕ ਨਾ ਰਹਿਣ, ਦੇਸ਼ ਅਤੇ ਦੇਸ਼ ਵਾਸੀਆਂ ਦੀ ਸੁਰਖਿਆ ਪ੍ਰਤੀ ਅਵੇਸਲੇ ਰਹਿਣ ਲਈ ਸਿਧੇ ਤੌਰ ਉਤੇ ਜ਼ਿਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਅਜਿਹੇ ਘਿਨਾਉਣੇ ਹਮਲਿਆਂ ਨਾਲ ਅਤਵਾਦੀ ਤੇ ਵੱਖਵਾਦੀ ਸ਼ਕਤੀਆਂ ਦੇਸ਼ ਦੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਨਿਖੇੜ ਨਹੀਂ ਸਕਦੀਆਂ। ਦੇਸ ਵਾਸੀ ਅਸਮਾਨ ਛੂਹ ਰਹੀ ਮਹਿੰਗਾਈ, ਬਦਅਮਨੀ, ਬੇਰੁਜਗਾਰੀ ਅਤੇ ਅਰਾਜਕਤਾ ਤੋਂ ਪਰੇਸ਼ਾਨ ਹਨ ਪਰ ਸਰਕਾਰ ਅਸਰਦਾਰ ਕਾਰਵਾਈ ਕਰਨ ਵਿੱਚ ਨਾਕਾਮ ਰਹੀ ਹੈ। ਅੱਜ ਕਸ਼ਮੀਰੀ ਲੋਕਾਂ ਨੂੰ ਦੇਸ਼ ਵਿੱਚ ਬੇਗਾਨਗੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਅਤੇ ਅਤਵਾਦੀ ਹਮਲੇ ਬਲਦੀ ਉਤੇ ਘੀ ਦਾ ਕੰਮ ਕਰ ਰਹੇ ਹਨ। ਕਸ਼ਮੀਰ ਦੇਸ਼ ਦਾ ਅਟੁੱਟ ਅੰਗ ਹੈ ਪਰ ਕੇਂਦਰ ਸਰਕਾਰ ਕਸ਼ਮੀਰ ਵਿਚ ਹੋਏ ਹਮਲਿਆਂ ਨੂੰ ਵੋਟਾਂ ਵਸੂਲਣ ਲਈ ਹੀ ਵਰਤਦੀ ਰਹੀ ਹੈ। ਛੋਟੇ ਦੁਕਾਨਦਾਰ ਕਸ਼ਮੀਰੀਆਂ ਲਈ ਗਰਮੀ ਦੌਰਾਨ ਕੁਝ ਮਹੀਨੇ ਦਾ ਵਿਉਪਾਰ ਹੀ ਆਰਥਿਕ ਮਜਬੂਤੀ ਦੇਂਦਾ ਹੈ ਪਰ ਅਜਿਹੇ ਹਮਲੇ ਗਰੀਬਾਂ ਲਈ ਘਾਤਕ ਹਨ। ਉਨ੍ਹਾਂ ਕਸ਼ਮੀਰ ਵਿੱਚ ਹਰ ਹਾਲਤ ਵਿੱਚ ਫ਼ੌਰੀ ਤੌਰ ਤੇ ਅਮਨ-ਸ਼ਾਂਤੀ ਬਹਾਲ ਕਰਨ ਉਤੇ ਜੋਰ ਦਿੱਤਾ।