ਅੰਮ੍ਰਿਤਸਰ, 27 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਪਾਕਿਸਤਾਨੀ ਤਸਕਰਾਂ ਨਾਲ ਮਿਲਕੇ ਪੰਜਾਬ ਵਿੱਚ ਹਥਿਆਰਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਖ਼ੁਫ਼ੀਆ ਸੂਚਨਾ ‘ਤੇ ਕਾਰਵਾਈ ਕਰਦਿਆਂ, ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਪਾਕਿਸਤਾਨ ਨਾਲ ਜੁੜੇ ਇੱਕ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕਰਕੇ ਅਭਿਸ਼ੇਕ ਕੁਮਾਰ ਵਾਸੀ ਜ਼ਿਲ੍ਹਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਹੈ। ਉਸਦੇ ਕਬਜ਼ੇ ਵਿੱਚੋਂ 7 ਪਿਸਤੌਲ (ਜਿਸ ਵਿੱਚ 5 ਪਿਸਤੌਲ .30 ਬੋਰ ਅਤੇ 2 ਗਲੌਕ ਪਿਸਟਲ 9 ਐਮ.ਐਮ.), 4 ਜ਼ਿੰਦਾ ਕਾਰਤੂਸ (.30 ਬੋਰ) ਅਤੇ 1,50,000 ਰੁਪਏ ਭਾਰਤੀ ਕਰੰਸੀ ਬਰਾਮਦ ਕੀਤੀ।
ਇਹ ਦੋਨੋਂ ਆਸਟ੍ਰੇਲੀਆ ਸਥਿਤ ਜੱਸਾ ਦੇ ਨਿਰਦੇਸ਼ਾਂ ‘ਤੇ ਕੰਮ ਕਰਦੇ ਸਨ, ਜੋ ਪਾਕਿਸਤਾਨ ਸਥਿਤ ਤਸਕਰਾਂ ਨਾਲ ਮਿਲ ਕੇ ਆਪਣੇ ਸਥਾਨਕ ਸਾਥੀਆਂ ਜੋਧਬੀਰ ਸਿੰਘ ਉਰਫ਼ ਜੋਧਾ ਅਤੇ ਅਭਿਸ਼ੇਕ ਕੁਮਾਰ ਦੀ ਮਦਦ ਨਾਲ ਭਾਰਤ-ਪਾਕਿ ਸਰਹੱਦ ਰਾਹੀਂ ਗੈਰ-ਕਾਨੂੰਨੀ ਹਥਿਆਰਾਂ/ਗੋਲਾ ਬਾਰੂਦ ਦੀ ਤਸਕਰੀ ਕਰਦੇ ਸਨ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਭਿਸ਼ੇਕ ਕੁਮਾਰ ਅਤੇ ਜੋਧਬੀਰ ਸਿੰਘ ਉਰਫ਼ ਜੋਧਾ ਵੀ ਹਵਾਲਾ ਲੈਣ-ਦੇਣ ਵਿੱਚ ਸ਼ਾਮਲ ਹਨ, ਜੋ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਲੱਗੇ ਇੱਕ ਵਿਸ਼ਾਲ ਨੈੱਟਵਰਕ ਨਾਲ ਸਬੰਧ ਰੱਖਦੇ ਸਨ। SSOC, ਅੰਮ੍ਰਿਤਸਰ ਵਿਖੇ FIR ਦਰਜ ਕੀਤੀ ਗਈ ਹੈ। ਹੋਰ ਸਾਥੀਆਂ ਨੂੰ ਫੜਨ ਅਤੇ ਸਾਰੇ ਪਿਛਲੇ ਅਤੇ ਅੱਗੇ ਦੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
Published on: ਅਪ੍ਰੈਲ 27, 2025 11:52 ਪੂਃ ਦੁਃ