ਬਠਿੰਡਾ: 27 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਬੱਸ ਅੱਡੇ ਨੂੰ ਸ਼ਹਿਰ ਤੋਂ ਦੂਰ ਮਲੋਟ ਰੋਡ ‘ਤੇ ਲਿਜਾਣ ਦੇ ਵਿਰੋਧ ਵਿੱਚ ਰੋਜ਼-ਬ-ਰੋਜ਼ ਤੇਜ਼ੀ ਆ ਰਹੀ ਹੈ। ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੀ ਅਗਵਾਈ ‘ਚ ਹੁਣ ਪੱਕਾ ਮੋਰਚਾ ਲਗਾਤਾਰ ਤੀਜੇ ਦਿਨ ਵੀ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਜਾਰੀ ਹੈ। ਸੰਘਰਸ਼ ਕਮੇਟੀ ਦੇ ਸੱਦੇ ‘ਤੇ ਬੱਸ ਅੱਡਾ ਮਾਰਕੀਟ, ਕੋਰਟ ਰੋਡ, ਮਹਿਣਾ ਚੌਕ, ਮਿੱਠੂ ਵਾਲਾ ਮੋੜ ਮਾਰਕੀਟ, ਪੰਡਿਤਾਂ ਵਾਲੀ ਗਲੀ, ਰਣਜੀਤ ਪ੍ਰੈਸ ਵਾਲੀ ਗਲੀ, ਕਿਤਾਬਾਂ ਵਾਲੀ ਮਾਰਕੀਟ, ਆਰੀਆ ਸਮਾਜ ਚੌਕ ਆਦਿ ਇਲਾਕੇ 12 ਵਜੇ ਤੱਕ ਪੂਰੀ ਤਰ੍ਹਾਂ ਬੰਦ ਰਹੇ ਅਤੇ ਅੰਬੇਡਕਰ ਚੌਕ ਤੋਂ ਸ਼ੁਰੂ ਹੋਏ ਰੋਸ਼ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ। ਲੋਕਾਂ ਨੇ ਪੰਜਾਬ ਸਰਕਾਰ, ਸ਼ਹਿਰੀ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਖਿਲਾਫ ਨਾਅਰੇਬਾਜ਼ੀ ਕਰਕੇ ਆਪਣਾ ਗੁੱਸਾ ਜਤਾਇਆ। ਇਸ ਦੌਰਾਨ ਬਜ਼ਾਰਾਂ ਵਿੱਚ ਸੱਨਾਟਾ ਛਾਇਆ ਰਿਹਾ। ਸੰਘਰਸ਼ ਕਮੇਟੀ ਦੇ ਮੀਡੀਆ ਪ੍ਰਭਾਰੀ ਸੰਦੀਪ ਅਗਰਵਾਲ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਲੋਕਾਂ ਨੂੰ ਭਟਕਾ ਰਹੇ ਹਨ ਅਤੇ ਵਾਰ ਵਾਰ ਚੰਦ ਲੋਕਾਂ ਅਤੇ ਰਾਜਨੀਤਕ ਪਾਰਟੀਆਂ ‘ਤੇ ਸਹਿਮਤੀ ਦੇਣ ਦਾ ਦੋਸ਼ ਲਾ ਰਹੇ ਹਨ, ਜਦਕਿ ਸਾਰੀਆਂ ਪਾਰਟੀਆਂ ਨੇ ਸਪਸ਼ਟ ਕਰ ਦਿੱਤਾ ਕਿ ਉਹ ਬੱਸ ਅੱਡਾ ਬਦਲਣ ਦੇ ਹੱਕ ‘ਚ ਨਹੀਂ ਹਨ। ਪ੍ਰਸਾਸ਼ਨ ਅਤੇ ਸਰਕਾਰ ਕੁਝ ਲੋਕਾਂ ਅਤੇ ਭੂ ਮਾਫੀਆ ਨੂੰ ਫਾਇਦਾ ਦੇਣ ਲਈ ਬੱਸ ਅੱਡਾ ਤਬਦੀਲ ਕਰਨ ‘ਤੇ ਅੜੇ ਹੋਏ ਹਨ। ਬੱਸ ਅੱਡਾ ਬਚਾਓ ਕਮੇਟੀ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ ਨੇ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸਾਸ਼ਨ ਨੇ ਮਲੋਟ ਰੋਡ ‘ਤੇ ਬੱਸ ਅੱਡਾ ਲਿਜਾਣ ਦੀ ਜ਼ਿੱਦ ਨਾ ਛੱਡੀ ਤਾਂ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਪਵੇਗਾ। ਸੰਦੀਪ ਬਾਬੀ ਅਤੇ ਸੋਨੂ ਮਹੇਸ਼ਵਰੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਨੂੰ ਆਮ ਲੋਕਾਂ ਦੀ ਅਵਾਜ਼ ਸੁਣ ਕੇ ਫੈਸਲਾ ਰੱਦ ਕਰਵਾਉਣ ਲਈ ਸਰਕਾਰ ਨੂੰ ਲਿਖਣਾ ਚਾਹੀਦਾ ਹੈ। ਮਸ਼ਹੂਰ ਚਿੱਤਰਕਾਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਵਿੱਚ ਰਹਿ ਕੇ ਕੰਮ ਕਰਨ ਦੀ ਗੱਲ ਕਰਦੀ ਹੈ, ਪਰ ਹੁਣ ਲੋਕਾਂ ਦੀ ਆਵਾਜ਼ ਦਬਾ ਕੇ ਬੱਸ ਅੱਡਾ ਬਦਲਣਾ ਚਾਹੁੰਦੀ ਹੈ। ਗੁਰਵਿੰਦਰ ਸ਼ਰਮਾ ਨੇ ਕਿਹਾ ਕਿ ਲੋਕ ਵਿਰੋਧੀ ਨੀਤੀਆਂ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ‘ਤੇ ਰਾਜਨ ਗਰਗ, ਸਰੂਪ ਚੰਦ ਸਿੰਗਲਾ, ਡਾ. ਅਜੀਤ ਪਾਲ ਸਿੰਘ, ਹਰਵਿੰਦਰ ਸਿੰਘ, ਐਡਵੋਕੇਟ ਵਿਸ਼ਨਦੀਪ ਕੌਰ, ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਅਮ੍ਰਿਤ ਗਿੱਲ, ਕੰਵਲਜੀਤ ਸਿੰਘ ਭੰਗੂ, ਬਲਵਿੰਦਰ ਬਹੀਆ, ਟੈਨੀ, ਡੇਜ਼ੀ ਜਿੰਦਲ, ਟਿੰਕੂ, ਸ਼ਾਹਬਾਜ਼, ਦੇਵੀ ਦਯਾਲ, ਗੰਡਾ ਸਿੰਘ, ਪਰਵਿੰਦਰ ਸਿੰਘ, ਜਗਸੀਰ ਸਿੰਘ, ਮਿੱਠੂ ਸਿੰਘ, ਵਪਾਰ ਮੰਡਲ, ਕਪੜਾ ਮਾਰਕੀਟ, ਦਿਹਾਤੀ ਮਜ਼ਦੂਰ ਸਭਾ, ਪੈਨਸ਼ਨਰਜ਼ ਐਸੋਸੀਏਸ਼ਨ, ਬਸਪਾ, ਬੀਕੇਯੂ ਡਕੋਦਾਂ, ਮਜ਼ਦੂਰ ਮੁਕਤੀ ਮੋਰਚਾ ਅਤੇ ਸ਼ਹਿਰੀ ਲੋਕ ਅਤੇ ਹੋਰ ਸੰਸਥਾਵਾਂ ਮੌਜੂਦ ਸਨ।
Published on: ਅਪ੍ਰੈਲ 27, 2025 3:50 ਬਾਃ ਦੁਃ