ਚਮਕੌਰ ਸਾਹਿਬ/ ਮੋਰਿੰਡਾ 28 ਅਪਰੈਲ ਭਟੋਆ
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸੀਨੀਅਰ ਅਕਾਲੀ ਆਗੂ ਕਰਨੈਲ ਸਿੰਘ ਪੀਰਮੁਹੰਮਦ ਅਤੇ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੇ ਕਿਹਾ ਹੈ ਕਿ ਚਮਕੌਰ ਸਾਹਿਬ ਇਲਾਕੇ ਵਿਚ ਪੈਂਦੇ ਪਿੰਡ ਧੋਲਰਾਂ ਅਤੇ ਬੱਸੀ ਗੁੱਜਰਾਂ ਦੀ ਜਮੀਨ ਜਿਸ ਦੇ ਕੇ ਇੱਕ ਪਾਸੇ ਬੁੱਢਾ ਦਰਿਆ ( ਰਾਏਪੁਰ ਡਰੇਨ ) ਅਤੇ ਦੂਸਰੇ ਪਾਸੇ ਸਰਹਿੰਦ ਨਹਿਰ ਲੰਘਦੀ ਹੈ, ਦੋਹਾਂ ਵਿਚਾਲੇ 500 ਮੀਟਰ ਤੋਂ ਘੱਟ ਦੀ ਦੂਰੀ ਹੈ ਅਤੇ ਇਸ ਜਮੀਨ ਉੱਤੇ ਪੇਪਰ ਮਿਲ ਲਗਾਉਣ ਦਾ ਕੋਈ ਵੀ ਕਦਮ ਸਰਹਿੰਦ ਨਹਿਰ ਅਤੇ ਬੁੱਢੇ ਦਰਿਆ ਦੇ ਪਾਣੀ ਨੂੰ ਦੂਸ਼ਿਤ ਕਰਨ ਵਾਲਾ ਮਾਰੂ ਕਦਮ ਹੋ ਸਕਦਾ ਹੈ । ਇਸ ਦੇ ਨਾਲ ਜਿੱਥੇ ਮਾਲਵੇ ਦੇ ਇਲਾਕੇ ਵਿੱਚ ਜਿੱਥੇ ਇਹ ਨਹਿਰ ਪਾਣੀ ਦਾ ਮੁੱਖ ਸੌਮਾ ਹੈ ਉਸ ਦੇ ਪਾਣੀ ਦੀ ਗੁਣਵਤਾ ਉੱਤੇ ਮਾਰੂ ਅਸਰ ਕਰੇਗਾ । ਉਨ੍ਹਾਂ ਕਿਹਾ ਕਿ ਮਿੱਲ ਲਗਣ ਦੇ ਨਾਲ ਹੀ ਇਹ ਕਦਮ ਬੁੱਢੇ ਨਾਲੇ ਦੀ ਸਫਾਈ ਕਰਨ ਦੇ ਕਿਸੇ ਵੀ ਉਪਰਾਲੇ ਉੱਤੇ ਵੀ ਮਾਰੂ ਅਸਰ ਪਾਵੇਗਾ, ਸੋ ਪੰਜਾਬ ਅਤੇ ਰਾਜਸਥਾਨ ਦੇ ਤਕਰੀਬਨ ਡੇਢ ਕਰੋੜ ਲੋਕਾਂ ਦੇ ਪਾਣੀ ਦੀ ਸਪਲਾਈ ਉੱਤੇ ਮਾਰੂ ਅਸਰ ਦੀ ਸੰਭਾਵਨਾ ਹੋਣ ਕਰਕੇ ਉਹ ਇਸ ਪ੍ਰੋਜੈਕਟ ਨੂੰ ਇਸ ਥਾਂ ਉੱਤੇ ਲੱਗਣ ਦਾ ਵਿਰੋਧ ਕਰਦੇ ਹਨ । ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਚਰਨ ਛੋਹ ਹੋਣ ਕਰਕੇ ਆਸੇ ਪਾਸੇ ਦੇ ਇਤਿਹਾਸਕ ਗੁਰਦਵਾਰਿਆ ਦੇ ਪੌਣ ਪਾਣੀ ਉੱਤੇ ਵੀ ਇਸ ਪ੍ਰੋਜੈਕਟ ਦਾ ਮਾੜਾ ਅਸਰ ਪਵੇਗਾ । ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਦੀ ਸਮੂਹਕ ਮੰਗ ਨੂੰ ਮੰਨਦੇ ਹੋਏ ਇਹ ਪ੍ਰੋਜੈਕਟ ਤੁਰੰਤ ਰੱਦ ਕੀਤਾ ਜਾਵੇ । ਫੈਡਰੇਸ਼ਨ ਨੇਤਾਵਾ ਨੇ ਕਿਹਾ ਕਿ ਉਹ ਇਸ ਸਬੰਧੀ ਬਹੁਤ ਜਲਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਵੀ ਕਰਨਗੇ ।
Published on: ਅਪ੍ਰੈਲ 28, 2025 4:48 ਬਾਃ ਦੁਃ