ਡੇਰਾਬੱਸੀ, 28 ਅਪ੍ਰੈਲ: ਦੇਸ਼ ਕਲਿੱਕ ਬਿਓਰੋ
ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਡੇਰਾ ਬਸੀ ਵਿਧਾਨ ਸਭਾ ਹਲਕੇ ਦੇ ਛੇ ਸਕੂਲਾਂ ਵਿੱਚ 90.17 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕਰਕੇ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ। ਇਸ ਦੇ ਨਾਲ ਹੀ ਐਮ ਐਲ ਏ ਰੰਧਾਵਾ ਨੇ ਸਰਕਾਰੀ ਮਿਡਲ ਸਕੂਲ ਹਰੀਪੁਰ ਹਿੰਦੂਆਂ ਵਿਖੇ ਨੌ ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣਨ ਵਾਲੇ ਕਲਾਸ ਰੂਮ ਦੀ ਉਸਾਰੀ ਵੀ ਸ਼ੁਰੂ ਕਰਾਈ।
ਐਮ ਐਲ ਏ ਰੰਧਾਵਾ ਨੇ ਅੱਜ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ ਵੱਖ ਵਖ ਵਿਕਾਸ ਕਾਰਜਾਂ ਦਾ ਵੇਰਵਾ ਦਿੰਦਿਆਂ ਦੱਸਿਆ ਸਰਕਾਰੀ ਪ੍ਰਾਇਮਰੀ ਸਕੂਲ ਕੂੜਾਵਾਲਾ ਵਿਖੇ 10.73 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਕਲਾਸ ਰੂਮ ਅਤੇ ਮਿਡ ਡੇਅ ਮੀਲ ਕਿਚਨ ਉਸਾਰੀ ਗਈ ਹੈ। ਸਰਕਾਰੀ ਪ੍ਰਾਇਮਰੀ ਸਕੂਲ ਹਰੀਪੁਰ ਹਿੰਦੂਆਂ ਵਿਖੇ 17. 33 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਦੋ ਨਵੇਂ ਕਲਾਸ ਰੂਮ ਅਤੇ ਹੋਰ ਵਿਕਾਸ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ।
ਸਰਕਾਰੀ ਪ੍ਰਾਇਮਰੀ ਸਕੂਲ ਨਿੰਬੂਆਂ ਵਿਖੇ 15.02 ਲੱਖ ਰੁਪਏ ਦੀ ਲਾਗਤ ਨਾਲ ਦੋ ਨਵੇਂ ਕਲਾਸ ਰੂਮ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਸੈਣੀਆਂ ਵਿਖੇ 28 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਤਿੰਨ ਨਵੇਂ ਕਲਾਸ ਰੂਮ ਅਤੇ ਲਾਇਬਰੇਰੀ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ। ਸਰਕਾਰੀ ਐਲੀਮੈਂਟਰੀ ਅਤੇ ਮਿਡਲ ਸਕੂਲ ਬਾਜ਼ੀਗਰ ਬਸਤੀ ਜੀਰਕਪੁਰ ਵਿਖੇ 19,17,600 ਰੁਪਏ ਦੀ ਲਾਗਤ ਨਾਲ ਹੋਏ ਦੋ ਆਧੁਨਿਕ ਕਲਾਸ ਰੂਮ ਅਤੇ ਕੰਪਿਊਟਰ ਲੈਬ ਦਾ ਉਦਘਾਟਨ ਕਰਕੇ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ।
ਇਸ ਮੌਕੇ ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਦੇ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਸਿੱਖਿਆ ਦੀ ਗੁਣਵੱਤਾ ਵਿਚ ਲਿਆਂਦੀ ਗਈ ਤਬਦੀਲੀ ਨੇ ਪੰਜਾਬ ਦੇ ਲੋਕਾਂ ਦਾ ਸਰਕਾਰੀ ਸਕੂਲਾਂ ਵਿੱਚ ਪਿਛਲੀਆਂ ਸਰਕਾਰਾਂ ਸਮੇਂ ਖੁੱਸਿਆ ਵਿਸ਼ਵਾਸ ਬਹਾਲ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਸਮੁੱਚੇ ਪੰਜਾਬ ਵਿੱਚ 2000 ਕਰੋੜ ਰੁਪਏ ਦੀ ਲਾਗਤ ਨਾਲ 12000 ਸਰਕਾਰੀ ਸਕੂਲਾਂ ਨੂੰ ਨਿਵੇਕਲੀ ਦਿੱਖ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਵਿਰੋਧੀ ਧਿਰਾਂ ਕੋਲ ਸਰਕਾਰ ਦੇ ਇਸ ਇਤਿਹਾਸਿਕ ਕਾਰਜ ਨੂੰ ਖੁੱਲੇ ਦਿਲ ਨਾਲ ਸਵੀਕਾਰ ਕਰਨ ਤੋਂ ਸਿਵਾ ਕੋਈ ਹੋਰ ਚਾਰਾ ਨਹੀਂ ਪ੍ਰੰਤੂ ਉਹਨਾਂ ਵੱਲੋਂ ਨਾ ਚਾਹੁੰਦਿਆਂ ਹੋਇਆਂ ਵੀ ਆਪਣੀ ਆਦਤ ਤੋਂ ਮਜਬੂਰ ਹੋ ਕੇ ਸਰਕਾਰ ਦੇ ਚੰਗੇ ਕੰਮ ਨੂੰ ਸਰਾਹਣ ਦੀ ਬਜਾਏ ਆਲੋਚਨਾ ਹੀ ਕੀਤੀ ਜਾ ਰਹੀ ਹੈ।
ਵਿਧਾਇਕ ਰੰਧਾਵਾ ਨੇ ਕਿਹਾ ਜਦੋਂ ਉਹ ਸਕੂਲਾਂ ਦੇ ਦੌਰੇ ਦੌਰਾਨ ਨਵੇਂ ਨਵੇਂ ਕਮਰੇ, ਸਮਾਰਟ ਕਲਾਸ ਰੂਮ, ਚੰਗੇ ਪਖਾਨੇ, ਸਾਫ ਪੀਣ ਵਾਲੇ ਪਾਣੀ ਦੀ ਵਿਵਸਥਾ, ਖੇਡ ਦੇ ਮੈਦਾਨ ਆਦਿ ਦੇਖਦੇ ਹਨ ਤਾਂ ਉਸ ਮੌਕੇ ਉਥੇ ਪੜ ਰਹੇ ਬੱਚਿਆਂ ਦੇ ਚਿਹਰਿਆਂ ਤੇ ਆਈ ਮੁਸਕਾਨ ਹੀ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਦਾ ਸਭ ਤੋਂ ਵੱਡਾ ਧੰਨਵਾਦ ਹੁੰਦਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਇੱਕੋ ਇੱਕ ਨਿਸ਼ਾਨਾ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਦਿੱਖ ਨਿੱਜੀ ਸਕੂਲਾਂ ਤੋਂ ਵੀ ਬਿਹਤਰ ਬਣਾ ਕੇ ਸਰਕਾਰੀ ਸਿੱਖਿਆ ਸੰਸਥਾਵਾਂ ਵਿੱਚ ਮਿਆਰੀ ਸਿੱਖਿਆ ਸਹੂਲਤਾਂ ਮੁਹਈਆ ਕਰਵਾਉਣਾ ਹੈ।
ਇਸ ਮੌਕੇ ਇਹਨਾਂ ਸਕੂਲਾਂ ਦੇ ਅਧਿਆਪਕਾਂ ਤੋਂ ਇਲਾਵਾ ਇਲਾਕੇ ਦੇ ਪੰਚ-ਸਰਪੰਚ ਅਤੇ ਮੋਹਤਬਰ ਮੌਜੂਦ ਸਨ।
Published on: ਅਪ੍ਰੈਲ 28, 2025 4:58 ਬਾਃ ਦੁਃ