ਕੋਟਕਪੂਰਾ 1 ਮਈ, ਦੇਸ਼ ਕਲਿੱਕ ਬਿਓਰੋ
ਪਿੰਡ ਢਿੱਲਵਾਂ ਕਲਾਂ ਵਿਖੇ ਲਗਾਏ ਗਏ ਸੀ.ਸੀ.ਟੀ.ਵੀ ਕੈਮਰਿਆਂ ਦਾ ਉਦਘਾਟਨ ਵਿਧਾਇਕ ਹਲਕਾ ਜੈਤੋ ਸ.ਅਮੋਲਕ ਸਿੰਘ ਅਤੇ ਸ. ਸੁਖਜੀਤ ਸਿੰਘ ਢਿਲਵਾਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨੇ ਕੀਤਾ। ਸ.ਅਮੋਲਕ ਸਿੰਘ ਨੇ ਕਿਹਾ ਕਿ ਚੇਅਰਮੈਨ ਢਿੱਲਵਾਂ ਵੱਲੋਂ ਪਿੰਡ ਵਿੱਚ ਲਗਭਗ ਪੰਜ ਲੱਖ ਦੀ ਲਾਗਤ ਨਾਲ ਇਹ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ।
ਵਿਧਾਇਕ ਸ.ਅਮੋਲਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨਵੀਆਂ ਨੀਤੀਆਂ ਜਿਵੇਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਵੀ ਇਹ ਕੋਸ਼ਿਸ਼ ਹੈ ਕਿ ਪਿੰਡਾਂ ਨੂੰ ਇਸ ਤਰ੍ਹਾਂ ਵਿਕਸਿਤ ਕੀਤਾ ਜਾਵੇ ਕਿ ਪਿੰਡਾਂ ਵਿੱਚੋਂ ਨਸ਼ੇ ਅਤੇ ਚੋਰੀਆਂ ਰੋਕਣੀਆਂ ਆਸਾਨ ਹੋ ਜਾਣ। ਉਨ੍ਹਾਂ ਦੱਸਿਆ ਕਿ ਸਾਰੇ ਪਿੰਡ ਨੂੰ ਸੀ.ਸੀ.ਟੀ.ਵੀ ਕੈਮਰੇ ਨਾਲ ਕਵਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦਾ ਇਹ ਪਹਿਲਾ ਪਿੰਡ ਹੈ ਜੋ ਕਿ ਪੂਰੀ ਤਰ੍ਹਾਂ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਲੈਸ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪਿੰਡ ਦੇ ਐਂਟਰੀ ਅਤੇ ਐਗਜਿਟ ਏਰੀਏ ਨੂੰ ਵੀ ਇਸ ਤਹਿਤ ਕਵਰ ਕੀਤਾ ਗਿਆ ਹੈ ਇਸ ਨਾਲ ਜੇਕਰ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਪੁਲਿਸ ਨੂੰ ਵੀ ਆਸਾਨੀ ਹੋਵੇਗੀ। ਉਨ੍ਹਾਂ ਚੇਅਰਮੈਨ ਢਿੱਲਵਾਂ ਅਤੇ ਪਿੰਡ ਦੀ ਸਾਰੀ ਟੀਮ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ।
ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਕੰਮਾਂ ਨੂੰ ਸੋਚ ਕੇ ਅਸੀਂ ਰਾਜਨੀਤੀ ਵਿੱਚ ਆਏ ਸੀ ਉਨ੍ਹਾਂ ਨੂੰ ਹੱਥੀ ਕਰਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾੜੇ ਅੰਸਰਾਂ ਨੂੰ ਰੋਕਣ ਲਈ ਸਾਰੇ ਪਿੰਡ ਨੂੰ ਸੀ.ਸੀ.ਟੀ.ਵੀ ਕੈਮਰਿਆਂ ਨਾਲ ਲੈਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਿੰਡ ਦੀ ਨੁਹਾਰ ਬਦਲਣ ਲਈ ਹੋਰ ਵੀ ਵਿਕਾਸ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ।
ਇਸ ਮੌਕੇ ਰਾਜਵਿੰਦਰ ਸਿੰਘ ਸਰਪੰਚ, ਮਹੰਤ ਬਾਬਾ ਜਰਨੈਲ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।