ਅੰਮ੍ਰਿਤਸਰ, 2 ਮਈ, ਦੇਸ਼ ਕਲਿੱਕ ਬਿਓਰੋ :
ਵਿਦੇਸ਼ ਲਈ ਜਾਣ ਵਾਸਤੇ ਏਅਰਪੋਰਟ ਤੋਂ ਜਹਾਜ਼ ਚੜ੍ਹਾ ਕੇ ਵਾਪਸ ਜਾਂਦੇ ਹੋਏ ਇਕ ਭਿਆਨਕ ਸੜਕ ਹਾਦਸੇ ਵਿੱਚ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਇਹ ਹਾਦਸਾ ਮਹਿਤਾ-ਅੰਮ੍ਰਿਤਸਰ ਜੀਟੀ ਰੋਡ ਉਤੇ ਪਿੰਡ ਜੀਵਨ ਪੰਧੇਰ ਨੇੜੇ ਵਾਪਰਿਆ। ਵਰਨਾ ਕਾਰ ਤੇ ਟਿੱਪਰ ਦੀ ਜ਼ਬਰਦਸਤ ਟੱਕਰ ਹੋਣ ਕਾਰਨ ਭਿਆਨਕ ਸੜਕ ਹਾਦਸਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਪਿੰਡ ਭੋਮਾ ਬੋਜਾ ਨੇੜੇ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲੇ ਗੁਰਦੇਵ ਸਿੰਘ ਆਪਣੇ ਪੋਤਰੇ ਨੂੰ ਵਿਦੇਸ਼ ਜਾਣ ਲਈ ਹਵਾਈ ਅੱਡੇ ਤੋਂ ਚੜ੍ਹਾ ਕੇ ਅੰਮ੍ਰਿਤਸਰ ਵੱਲੋਂ ਜਾ ਰਿਹਾ ਸੀ। ਜਦੋਂ ਉਨ੍ਹਾਂ ਦੀ ਵਰਨਾ ਕਾਰਨ ਪਿੰਡ ਜੀਵਨ ਪੰਧੇਰ ਨੇੜੇ ਪਹੁੰਚੀ ਤਾਂ ਮਹਿਤਾ ਵੱਲੋਂ ਆ ਰਹੇ ਟਿੱਪਰ ਨਾਲ ਟਕਰਾ ਗਈ, ਗੱਡੀ ਵਿੱਚ ਬੈਠੇ ਇਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਕੇ ਉਤੇ ਮੌਤ ਹੋ ਗਈ। ਟਿੱਪਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾ ਦੀ ਪਹਿਚਾਣ ਗੁਰਦੇਵ ਸਿੰਘ, ਮਲਕੀਤ ਕੌਰ, ਪ੍ਰਮਜੀਤ ਕੌਰ, ਬਲਪੁਰੀਆ, ਧਰਮਿੰਦਰ ਸਿੰਘ ਵਾਸੀ ਭੋਮਾ ਬੋਜਾ ਦੇ ਵਜੋਂ ਹੋਈ ਹੈ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ।