ਮੋਹਾਲੀ, 03 ਮਈ: ਦੇਸ਼ ਕਲਿੱਕ ਬਿਓਰੋ
ਸੰਗਠਿਤ ਅਪਰਾਧ ਅਤੇ ਅਪਰਾਧੀਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਨੇ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਜਦੋਂ ਸਬ ਡਿਵੀਜ਼ਨ ਡੇਰਾਬੱਸੀ ਪੁਲਿਸ ਦੀ ਇੱਕ ਟੀਮ ਨੇ ਘਟਨਾ ਵਾਪਰਨ ਦੇ ਤਿੰਨ ਦਿਨਾਂ ਦੇ ਅੰਦਰ ਜਵਾਹਰਪੁਰ ਲੁੱਟ ਮਾਮਲੇ ਨੂੰ ਸੁਲਝਾ ਲਿਆ ਅਤੇ ਘਟਨਾ ਵਿੱਚ ਸ਼ਾਮਲ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ।
ਉਕਤ ਜਾਣਕਾਰੀ ਦਿੰਦਿਆਂ ਸ਼੍ਰੀ ਦੀਪਕ ਪਾਰੀਕ, ਐਸ ਐਸ ਪੀ ਐਸ ਏ ਐਸ ਨਗਰ ਨੇ ਅੱਜ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰੋਹਿਤ ਕੁਮਾਰ ਉਰਫ਼ ਜਮਨ ਵਾਸੀ ਪਿੰਡ ਲਲੋਨੀ, ਜ਼ਿਲ੍ਹਾ ਕਰਨਾਲ, ਹਰਿਆਣਾ, ਸਤਿੰਦਰ ਸਿੰਘ ਵਾਸੀ ਪਿੰਡ ਭੂਡਾ ਸਾਹਿਬ, ਜ਼ਿਲ੍ਹਾ ਐਸ ਏ ਐਸ ਨਗਰ, ਮੋਹਾਲੀ, ਮੋਤੀ ਵਾਸੀ ਪਿੰਡ ਨੀਲਾ ਖੇਰੜੀ, ਜ਼ਿਲ੍ਹਾ ਕਰਨਾਲ, ਹਰਿਆਣਾ ਅਤੇ ਅਕਸ਼ੈ ਵਾਸੀ ਪਿੰਡ ਲਲੋਨੀ, ਥਾਣਾ ਤਰੋੜੀ, ਜ਼ਿਲ੍ਹਾ ਕਰਨਾਲ ਵਜੋਂ ਹੋਈ ਹੈ।
ਐਸ ਐਸ ਪੀ ਨੇ ਅੱਗੇ ਕਿਹਾ ਕਿ ਬੁੱਧਵਾਰ ਯਾਨੀ 30.04.2025 ਦੀ ਸਵੇਰ ਨੂੰ, ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਜ਼ਿਆ-ਉਲ-ਹੱਕ ਨੇ ਡੇਰਾ ਬੱਸੀ ਬੱਸ ਸਟੈਂਡ ਤੋਂ ਅੰਬਾਲਾ ਰੇਲਵੇ ਸਟੇਸ਼ਨ ਲਈ ਰਜਿਸਟ੍ਰੇਸ਼ਨ ਨੰਬਰ HR 67 C 1782 ਵਾਲੀ ਟੈਕਸੀ ਹੁੰਡਈ ਐਕਸੈਂਟ ਕਾਰ ਬੁੱਕ ਕੀਤੀ ਸੀ। “ਸਫ਼ਰ ਦੌਰਾਨ, ਚੰਡੀਗੜ੍ਹ-ਅੰਬਾਲਾ ਰਾਸ਼ਟਰੀ ਰਾਜਮਾਰਗ ‘ਤੇ ਜਵਾਹਰਾਪੁਰ ਚੌਂਕ ਨੇੜੇ ਟੈਕਸੀ ਡਰਾਈਵਰ ਸਮੇਤ ਚਾਰ ਅਣਪਛਾਤੇ ਕਾਰ ਸਵਾਰ ਵਿਅਕਤੀਆਂ ਨੇ ਬੰਦੂਕ ਦੀ ਨੋਕ ‘ਤੇ ਉਸ ਤੋਂ 20,600 ਰੁਪਏ ਦੀ ਨਕਦੀ, ਏਟੀਐਮ ਕਾਰਡ, ਮੋਬਾਈਲ ਫੋਨ ਅਤੇ ਮਹੱਤਵਪੂਰਨ ਦਸਤਾਵੇਜ਼ ਲੁੱਟ ਲਏ। ਘਟਨਾ ਤੋਂ ਬਾਅਦ ਡੀਆਈਜੀ ਰੋਪੜ ਰੇਂਜ ਸ਼੍ਰੀ ਹਰਚਰਨ ਸਿੰਘ ਭੁੱਲਰ ਨੇ ਮਾਮਲੇ ਨੂੰ ਜਲਦੀ ਤੋਂ ਜਲਦੀ ਸੁਲਝਾਉਣ ਲਈ ਨਿਰਦੇਸ਼ ਦਿੱਤੇ ਸਨ”, ਐਸ ਐਸ ਪੀ ਨੇ ਅੱਗੇ ਕਿਹਾ।
ਕਰਵਾਈ ਸੰਬੰਧੀ ਵੇਰਵੇ ਪ੍ਰਦਾਨ ਕਰਦੇ ਹੋਏ, ਐਸ ਐਸ ਪੀ ਨੇ ਅੱਗੇ ਕਿਹਾ ਕਿ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 309(4), 140(3), 351(1), 351(3), ਅਤੇ 3(5) ਦੇ ਤਹਿਤ ਐਫ ਆਈ ਆਰ ਨੰਬਰ 111 ਮਿਤੀ 02.05.2025 ਥਾਣਾ ਡੇਰਾਬੱਸੀ ਵਿਖੇ ਦਰਜ ਕੀਤੀ ਗਈ ਸੀ ਅਤੇ ਐਸ ਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਡੀ ਐਸ ਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਇੱਕ ਵਿਸ਼ੇਸ਼ ਟੀਮ ਬਣਾਈ ਗਈ ਸੀ। ਐਸਐਸਪੀ ਨੇ ਕਿਹਾ,
“ਐਸ ਐਚ ਓ ਡੇਰਾਬੱਸੀ ਇੰਸਪੈਕਟਰ ਸੁਮਿਤ ਮੋਰ ਦੀ ਅਗਵਾਈ ਵਾਲੀ ਟੀਮ ਨੇ ਅਪਰਾਧ ਵਾਲੀ ਥਾਂ ਤੋਂ ਅਹਿਮ ਸਬੂਤ ਇਕੱਠੇ ਕੀਤੇ ਅਤੇ ਸਥਾਨਕ ਸਰੋਤਾਂ ਤੋਂ ਜਾਣਕਾਰੀ ਇਕੱਠੀ ਕੀਤੀ ਜਿਸ ਨਾਲ ਅਪਰਾਧ ਵਿੱਚ ਸ਼ਾਮਲ ਸਾਰੇ ਚਾਰ ਮੁਲਜ਼ਮਾਂ ਦੀ ਪਛਾਣ ਹੋ ਗਈ। ਮਾਨਵੀ ਖੁਫੀਆ ਜਾਣਕਾਰੀ ਅਤੇ ਤਕਨੀਕੀ ਜਾਣਕਾਰੀ ‘ਤੇ ਕਾਰਵਾਈ ਕਰਦੇ ਹੋਏ, ਟੀਮ ਨੇ ਕੱਲ੍ਹ ਸ਼ਾਮ ਨੂੰ ਡੇਰਾਬੱਸੀ ਦੇ ਰਾਮਗੜ੍ਹ ਮੁਬਾਰਕਪੁਰ ਰੋਡ ਤੋਂ ਚਾਰ ਮੁਲਜ਼ਮਾਂ ਨੂੰ ਟਰੈਕ ਕੀਤਾ ਅਤੇ ਗ੍ਰਿਫ਼ਤਾਰ ਕੀਤਾ।”
ਹੋਰ ਜਾਣਕਾਰੀ ਦਿੰਦੇ ਹੋਏ, ਐਸ ਐਸ ਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਅੰਤਰ-ਰਾਜੀ ਗਿਰੋਹ ਪਹਿਲਾਂ ਟ੍ਰਾਈਸਿਟੀ ਵਿੱਚ ਅਜਿਹੀਆਂ ਕਈ ਘਟਨਾਵਾਂ ਵਿੱਚ ਸ਼ਾਮਲ ਸੀ। “ਗਿਰੋਹ ਦਾ ਵਾਰਦਾਤ ਕਰਨ ਦਾ ਢੰਗ ਯੂਪੀ-ਬਿਹਾਰ ਨਾਲ ਸਬੰਧਤ ਪ੍ਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਉਣਾ ਅਤੇ ਯਾਤਰਾ ਦੌਰਾਨ ਉਨ੍ਹਾਂ ਨੂੰ ਲੁੱਟਣਾ ਸੀ”, ਐਸਐਸਪੀ ਨੇ ਅੱਗੇ ਕਿਹਾ।
ਐਸ ਐਸ ਪੀ ਨੇ ਦੱਸਿਆ, “ਅੱਜ, ਦੋਸ਼ੀ ਸਤਿੰਦਰ ਨੂੰ ਹਥਿਆਰ ਬਰਾਮਦ ਕਰਨ ਲਈ ਪਿੰਡ ਭੁੱਡਾ ਨੇੜੇ ਲਿਜਾਇਆ ਜਾ ਰਿਹਾ ਸੀ ਤਾਂ ਪੁਲਿਸ ਹਿਰਾਸਤ ਤੋਂ ਭੱਜਣ ਦੀ ਅਸਫਲ ਕੋਸ਼ਿਸ਼ ਵਿੱਚ ਛੱਤ ਤੋਂ ਛਾਲ ਮਾਰਦੇ ਹੋਏ ਉਸਦੇ ਖੱਬੇ ਗਿੱਟੇ ‘ਤੇ ਫ੍ਰੈਕਚਰ ਹੋ ਗਿਆ।”
ਉਨ੍ਹਾਂ ਦੇ ਅਗਲੇਰੇ ਪਿਛਲੇਰੇ ਸਬੰਧਾਂ ਅਤੇ ਸਾਥੀਆਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।