ਸੂਬਾ ਸਰਕਾਰ ਵੱਲੋਂ ਸਕੂਲਾਂ ’ਚ ਲਿਆਂਦੀਆਂ ਜਾ ਰਹੀਆਂ ਹਨ ਕ੍ਰਾਂਤੀਕਾਰੀ ਤਬਦੀਲੀਆਂ: ਬਲਕਾਰ ਸਿੱਧੂ
ਕਰੀਬ 39 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ ਸਕੂਲਾਂ ਦੇ ਕੀਤੇ ਵਿਕਾਸ ਕਾਰਜਾਂ ਦੇ ਉਦਘਾਟਨ
ਜਲਾਲ (ਬਠਿੰਡਾ), 3 ਮਈ : ਦੇਸ਼ ਕਲਿੱਕ ਬਿਓਰੋ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਕੂਲਾਂ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਂਦਿਆਂ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਖੇਡਾਂ ਵਿੱਚ ਸਮੇਂ ਦਾ ਹਾਣੀ ਬਣਾਇਆ ਜਾ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਰਾਮਪੁਰਾ ਫੂਲ ਸ਼੍ਰੀ ਬਲਕਾਰ ਸਿੰਘ ਸਿੱਧੂ ਨੇ ਸਿੱਖਿਆਂ ਕ੍ਰਾਂਤੀ ਸਮਾਗਮ ਦੇ ਮੱਦੇਨਜ਼ਰ ਸਰਕਾਰੀ ਮਿਡਲ ਸਕੂਲ ਜਲਾਲ ਵਿਖੇ ਕਰਵਾਏ ਗਏ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਕੀਤਾ।
ਇਸ ਮੌਕੇ ਵਿਧਾਇਕ ਸ਼੍ਰੀ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਦੀ ਨਿਵੇਕਲੀ ਪਹਿਲਕਦਮੀ ਸਦਕਾ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਸਿਖਲਾਈ ਲਈ ਭੇਜ ਕੇ ਚੰਗੀ ਮੁਹਾਰਤ ਹਾਸਲ ਕਰਵਾਈ ਜਾ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ।
ਇਹ ਵੀ ਪੜ੍ਹੋ: ਪੰਜਾਬ ਦੇ ਪਾਣੀ ਅਤੇ ਜਵਾਨੀ ਨੂੰ ਬਚਾਉਣ ਲਈ ਪੂਰਾ ਸੰਘਰਸ਼ ਕਰਾਂਗੇ: ਹਰਜੋਤ ਬੈਂਸ
ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਬਾਰੇ ਬੋਲਦਿਆਂ ਵਿਧਾਇਕ ਸ੍ਰੀ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਲਈ ਮਾਨ ਸਰਕਾਰ ਨੇ ‘ਪੰਜਾਬ ਸਿੱਖਿਆ ਕ੍ਰਾਂਤੀ’ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਦੇ ਨਾਲ-ਨਾਲ ਅਧਿਆਪਕਾਂ ਦੇ ਹੁਨਰ ਨੂੰ ਹੋਰ ਨਿਖਾਰਨ ਲਈ ਵੱਖ ਵੱਖ ਕੋਸ਼ਿਸ਼ਾਂ ਲਗਾਤਾਰ ਹੋ ਰਹੀਆਂ ਹਨ।
ਇਸ ਦੌਰਾਨ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਸਰਕਾਰੀ ਮਿਡਲ ਸਕੂਲ ਜਲਾਲ ਦੇ ਦੋ ਕਮਰਿਆਂ ਲਈ 15 ਲੱਖ 2 ਹਜ਼ਾਰ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਜਲਾਲ ਦੇ ਇੱਕ ਕਮਰੇ ਲਈ 7 ਲੱਖ 51 ਹਜਾਰ ਅਤੇ ਚਾਰਦੀਵਾਰੀ ਲਈ 2 ਲੱਖ 35 ਹਜ਼ਾਰ ਰੁਪਏ, ਸਰਕਾਰੀ ਮਿਡਲ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਥਰੋੜ ਦੀ ਚਾਰਦੀਵਾਰੀ 13 ਲੱਖ 50 ਹਜ਼ਾਰ ਦੀ ਲਾਗਤ ਨਾਲ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।
ਇਸ ਮੌਕੇ ਸਕੂਲਾਂ ਦਾ ਸਮੂਹ ਸਟਾਫ, ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਅਤੇ ਪਿੰਡਾਂ ਦੀ ਪੰਚਾਇਤਾਂ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਆਦਿ ਹਾਜ਼ਰ ਸਨ।