ਆਦਮਪੁਰ, 13 ਮਈ, ਦੇਸ਼ ਕਲਿਕ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਗਲਵਾਰ ਨੂੰ ਪੰਜਾਬ ਦੇ ਆਦਮਪੁਰ ਏਅਰਬੇਸ ਪਹੁੰਚੇ। ਇੱਥੇ ਉਹ ਫੌਜ ਦੇ ਜਵਾਨਾਂ ਨੂੰ ਮਿਲੇ। ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਅੱਜ ਸਵੇਰੇ ਆਦਮਪੁਰ ਏਅਰਬੇਸ ਪਹੁੰਚੇ। ਉਨ੍ਹਾਂ ਨੇ ਹਵਾਈ ਸੈਨਾ ਦੇ ਬਹਾਦਰ ਸੈਨਿਕਾਂ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਹਵਾਈ ਸੈਨਾ ਦੇ ਜਵਾਨਾਂ ਨੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ।ਇਸ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ।
ਆਦਮਪੁਰ ਪਹੁੰਚ ਕੇ, ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਦੇ ਝੂਠੇ ਪ੍ਰਚਾਰ ਨੂੰ ਵੀ ਜੱਗ ਜ਼ਾਹਰ ਕਰ ਦਿੱਤਾ ਹੈ।
ਦਰਅਸਲ, ਪਾਕਿਸਤਾਨ ਨੇ ਝੂਠਾ ਦਾਅਵਾ ਕੀਤਾ ਸੀ ਕਿ ਉਸਨੇ ਭਾਰਤੀ ਫੌਜੀ ਠਿਕਾਣਿਆਂ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਬਾਰੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਪ੍ਰੈਸ ਕਾਨਫਰੰਸ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਸਿਰਸਾ ਅਤੇ ਆਦਮਪੁਰ ਹਵਾਈ ਅੱਡਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਪਾਕਿਸਤਾਨ ਦੇ ਦਾਅਵੇ ਪੂਰੀ ਤਰ੍ਹਾਂ ਝੂਠੇ ਹਨ।
ਪ੍ਰੈਸ ਬ੍ਰੀਫਿੰਗ ਦੌਰਾਨ, ਇਨ੍ਹਾਂ ਏਅਰਬੇਸਾਂ ਦੀਆਂ ਤਸਵੀਰਾਂ ਵੀ ਦਿਖਾਈਆਂ ਗਈਆਂ, ਜਿਸ ਤੋਂ ਪਤਾ ਚੱਲਿਆ ਕਿ ਉੱਥੇ ਸਭ ਕੁਝ ਆਮ ਸੀ। ਅਜਿਹੇ ਵਿੱਚ, ਪ੍ਰਧਾਨ ਮੰਤਰੀ ਮੋਦੀ ਦੀ ਆਦਮਪੁਰ ਫੇਰੀ ਨੇ ਪਾਕਿਸਤਾਨ ਦੇ ਝੂਠ ਨੂੰ ਪੂਰੀ ਦੁਨੀਆ ਦੇ ਸਾਹਮਣੇ ਬੇਨਕਾਬ ਕਰ ਦਿੱਤਾ ਹੈ।