ਭਗਵੰਤ ਮਾਨ ਸਰਕਾਰ ਵੱਲੋਂ ਆਰੰਭੀ ਨਸ਼ਾ ਮੁਕਤੀ ਯਾਤਰਾ ਪੰਜਾਬ ਦੇ 15000 ਪਿੰਡਾਂ ਅਤੇ ਵਾਰਡਾਂ ਚ ਨਸ਼ਿਆਂ ਖ਼ਿਲਾਫ਼ ਖ਼ਬਰਦਾਰ ਕਰਨ ਤੱਕ ਜਾਰੀ ਰਹੇਗੀ: ਵਿਧਾਇਕ ਰੰਧਾਵਾ

Published on: May 18, 2025 8:49 pm

ਟ੍ਰਾਈਸਿਟੀ

ਲਾਲੜੂ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 18 ਮਈ: ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਦੇ ਮਾਰਗ ਦਰਸ਼ਨ ਤਹਿਤ ਪੰਜਾਬ ਵਿੱਚ ਆਰੰਭ ਹੋਈਆਂ ਨਸ਼ਾ ਮੁਕਤੀ ਯਾਤਰਾਵਾਂ 15000 ਪਿੰਡਾਂ ਅਤੇ ਵਾਰਡਾਂ ਚ ਨਸ਼ਿਆਂ ਖ਼ਿਲਾਫ਼ ਖ਼ਬਰਦਾਰ ਕਰਨ ਤੱਕ ਜਾਰੀ ਰਹਿਣਗੀਆਂ।

ਇਹ ਪ੍ਰਗਟਾਵਾ, ਐਮ ਐਲ ਏ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਨੇ ਐਤਵਾਰ ਨੂੰ ਸਰਸੀਣੀ, ਹਸਨਪੁਰ ਤੇ  ਚੰਡਿਆਲਾ ਪਿੰਡਾਂ ਚ ਪੁੱਜ ਕੇ ਲੋਕਾਂ ਨਾਲ ਸਿੱਧਾ ਸੰਵਾਦ ਰਚਾਉਣ ਮੌਕੇ ਕੀਤਾ। ਉਨ੍ਹਾਂ ਨੇ ਲੋਕਾਂ ਤੋਂ ਇਹ ਵੀ ਸੁਝਾਅ ਲਏ ਕਿ ਕਿਵੇਂ ਪੰਜਾਬ ਅਤੇ ਖਾਸਕਰ ਉਨ੍ਹਾਂ ਦੇ ਪਿੰਡਾਂ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹੋਂ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਯਾਤਰਾਵਾਂ ਦਾ ਉਦੇਸ਼ ਲੋਕਾਂ ਨੂੰ ਭਗਵੰਤ ਸਿੰਘ ਮਾਨ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨਾਲ ਜੋੜ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ।

ਉਨ੍ਹਾਂ ਕਿਹਾ ਕਿ ਇਸ ਸੰਪਰਕ ਮੁਹਿੰਮ ਦੇ ਤਹਿਤ ਹਰ ਰੋਜ਼ ਲਗਭਗ 351 ਪਿੰਡਾਂ ਵਿੱਚ ਗ੍ਰਾਮ ਸਭਾਵਾਂ ਕੀਤੀਆਂ ਜਾ ਰਹੀਆਂ ਹਨ। ਹਰ ਵਿਧਾਨ ਸਭਾ ਵਿੱਚ ਤਿੰਨ ਪਿੰਡ ਚੁਣੇ ਗਏ ਹਨ, ਜਿੱਥੇ ਜਨਤਾ ਦੀ ਭਾਗੀਦਾਰੀ ਨਾਲ ਇਹ ਅੰਦੋਲਨ ਹੋਰ ਮਜ਼ਬੂਤ ਹੋਵੇਗਾ।

ਐਮ ਐਲ ਏ ਰੰਧਾਵਾ ਨੇ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਪ੍ਰਾਪਤੀ ਬਾਰੇ ਦਸਦਿਆਂ ਕਿਹਾ ਕਿ ਹੁਣ ਤੱਕ 86 ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ‘ਤੇ ਬੁਲਡੋਜ਼ਰ ਚਲਾਇਆ ਜਾ ਚੁੱਕਾ ਹੈ, ਅਤੇ 75 ਤਸਕਰਾਂ ਨੂੰ ਐਨਕਾਊਂਟਰ ਦੇ ਜ਼ਰੀਏ ਫੜਿਆ ਗਿਆ ਹੈ। ਜਿਸ ਤੋਂ ਸਪੱਸ਼ਟ ਹੈ ਕਿ ਸਰਕਾਰ ਦੀ ਨੀਅਤ ਅਤੇ ਨੀਤੀ ਬਿਲਕੁਲ ਸਾਫ਼ ਤੇ ਸਪੱਸ਼ਟ ਹੈ — ਜਾਂ ਤਾਂ ਨਸ਼ਾ ਛੱਡੋ ਜਾਂ ਪੰਜਾਬ ਛੱਡੋ।

ਉਨ੍ਹਾਂ ਕਿਹਾ ਕਿ ਮੁਹਿੰਮ ਦੌਰਾਨ ਅਜਿਹੇ ਯੋਧਿਆਂ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਖੁਦ ਨਸ਼ਿਆਂ ਦੇ ਹਨੇਰੇ ਨਾਲ ਲੜਾਈ ਲੜੀ ਤੇ ਉਸ ਚੱਕਰਵਿਊਹ ਨੂੰ ਤੋੜ ਕੇ ਬਾਹਰ ਨਿਕਲੇ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਅਸਲ ਪ੍ਰੇਰਨਾ ਸਰੋਤ ਹਨ। ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅਜਿਹੇ ਲੋਕਾਂ ਦਾ ਸਾਥ ਦੇਈਏ, ਉਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਦੇਈਏ ਤਾਂ ਹੀ ਅਸੀਂ ਇਸ ਲੜਾਈ ਨੂੰ ਜਿੱਤ ਸਕਦੇ ਹਾਂ।

ਵਿਧਾਇਕ ਰੰਧਾਵਾ ਨੇ ਸਪੱਸ਼ਟ ਕੀਤਾ ਕਿ ਇਹ ਨਸ਼ਾ ਮੁਕਤੀ ਯਾਤਰਾ ਕੋਈ ਸਿਆਸੀ ਯਾਤਰਾ ਨਹੀਂ ਹੈ, ਇਹ ਇੱਕ ਸਮਾਜਿਕ ਸੰਕਲਪ ਹੈ, ਜਿਸ ਲਈ ਸਮਾਜ ਦੇ ਹਰ ਵਰਗ, ਹਰ ਪੰਚਾਇਤ, ਹਰ ਨੌਜਵਾਨ, ਹਰ ਮਾਤਾ-ਪਿਤਾ ਨੂੰ ਇਸ ਅੰਦੋਲਨ ਨਾਲ ਜੁੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ। ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਇਹ ਲੜਾਈ ਸਾਡੀ ਸਭ ਦੀ ਸਾਂਝੀ ਲੜਾਈ ਹੈ।

ਉਨ੍ਹਾਂ ਇਸ ਮੌਕੇ ਸਾਰਿਆਂ ਨੂੰ ਮੁਕਤੀ ਸਹੁੰ ਵੀ ਚੁਕਾਈ, ਜਿਸ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ, ਹਰ ਨਾਗਰਿਕ ਨੂੰ ਆਪਣੇ ਪਿੰਡ ਦਾ ਪਹਿਰੇਦਾਰ ਬਣ ਨਸ਼ਿਆਂ ਨੂੰ ਪਿੰਡ ਵਿੱਚ ਨਾ ਆਉਣ ਦੇਣ, ਨਸ਼ਿਆਂ ਦੇ ਸ਼ਿਕਾਰ ਵਿਅਕਤੀਆਂ, ਨੂੰ ਤ੍ਰਿਸਕਾਰ ਭਰੀ ਨਜ਼ਰ ਨਾਲ ਨਾ ਦੇਖ ਕੇ, ਉਨ੍ਹਾਂ ਨੂੰ ਇਲਾਜ ਰਾਹੀਂ ਸਹੀ ਰਾਹ ਵਿਖਾ, ਪੁਨਰਵਾਸ ਵਿੱਚ ਮਦਦ ਕਰਨੀ, ਨਸ਼ਾ ਤਸਕਰਾਂ ਨੂੰ ਕਿਸੇ ਤਰ੍ਹਾਂ ਦਾ ਸਰਪ੍ਰਸਤੀ ਨਾ ਦੇਣ, ਉਨ੍ਹਾਂ ਦੀ ਜ਼ਮਾਨਤ ਨਾ ਦੇਣ ਆਦਿ ਦਾ ਪ੍ਰਣ ਸ਼ਾਮਿਲ ਸੀ।
ਵਿਧਾਇਕ ਰੰਧਾਵਾ ਨਾਲ ਇਨ੍ਹਾਂ ਨਸ਼ਾ ਮੁਕਤੀ ਯਾਤਰਾਵਾਂ ਵਿੱਚ ਡੇਰਾਬੱਸੀ ਦੇ ਐੱਸ ਡੀ ਐਮ ਅਮਿਤ ਗੁਪਤਾ, ਡੇਰਾਬੱਸੀ ਅਤੇ ਲਾਲੜੂ ਥਾਣਿਆਂ ਦੇ ਐੱਸ ਐੱਚ ਓ, ਪਿੰਡਾਂ ਦੇ ਪੰਚ ਸਰਪੰਚ ਅਤੇ ਮੋਹਤਬਰ ਸ਼ਾਮਿਲ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।