ਚੰਡੀਗੜ੍ਹ: 18 ਮਈ, ਦੇਸ਼ ਕਲਿੱਕ ਬਿਓਰੋ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਦਸਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਵਿੱਚੋਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ‘ਚ ਅੱਵਲ ਆਉਣ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਬਹੁਤ-ਬਹੁਤ ਮੁਬਾਰਕਾਂ। ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ ਹਰ ਖੇਤਰ ‘ਚ ਬਾਜ਼ੀ ਮਾਰ ਕੇ ਸੂਬੇ ਦਾ ਮਾਣ ਵਧਾ ਰਹੇ ਹਨ।ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਦਾ ਮੁੱਢ ਸਿੱਖਿਆ ਹੀ ਬੰਨ੍ਹਦੀ ਹੈ, ਇਸ ਲਈ ਅਸੀਂ ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰ ਕੇ ਸਿੱਖਿਆ ਖੇਤਰ ‘ਚ ਕ੍ਰਾਂਤੀ ਲਿਆਂਦੀ। ਜਿਸ ਦੇ ਸਦਕਾ ਪੰਜਾਬ ਦੇ ਅੱਧ ਤੋਂ ਵੱਧ ਸਕੂਲਾਂ ਦੇ ਨਤੀਜੇ 100% ਆਉਣ ਲੱਗੇ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਇਹ ਰੌਸ਼ਨ ਦਿਮਾਗ ਵਿਦਿਆਰਥੀ ਆਉਣ ਵਾਲੇ ਸਮੇਂ ‘ਚ ਜ਼ਰੂਰ ਪੰਜਾਬ ਦਾ ਨਾਮ ਚਮਕਾਉਣਗੇ।ਸਾਡੇ ਮਿਹਨਤੀ ਬੱਚਿਆਂ ਦੇ ਵਧੀਆ ਭਵਿੱਖ ਲਈ ਸਾਡੀ ਸਰਕਾਰ ਵੱਲੋਂ ਕਰੀਅਰ ਗਾਈਡੈਂਸ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ।ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਨਸ਼ਾ ਵਿਰੋਧੀ ਜੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾ ਕਿਹਾ ਕਿ ਹੁਣ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਵਿੱਚ ਟਾਪ ਕਰਨ ਵਾਲੇ ਨੌਜਵਾਨ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚੱਲ ਰਹੀ ਜੰਗ ਵਿੱਚ ਰੋਲ ਮਾਡਲ ਬਣਨਗੇ। ਉਨ੍ਹਾਂ ਰਾਹੀਂ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦੇਵੇਗੀ। ਇਸ ਤੋਂ ਇਲਾਵਾ ਹਾਕੀ ਅਤੇ ਹੋਰ ਖੇਡਾਂ ਦੇ ਖਿਡਾਰੀਆਂ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਵੇਗਾ।
ਉਨ੍ਹਾਂ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਲੋੜੀਂਦੇ ਨਤੀਜੇ ਨਹੀਂ ਮਿਲਦੇ ਤਾਂ ਉਨ੍ਹਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਕਿਹਾ, “ਇੱਕ ਰੁਕੀ ਹੋਈ ਘੜੀ ਵੀ ਦਿਨ ਵਿੱਚ ਦੋ ਵਾਰ ਸਹੀ ਸਮਾਂ ਦੱਸਦੀ ਹੈ, ਇਸ ਲਈ ਅਸੀਂ ਜ਼ਿੰਦਾ ਹਾਂ।” ਸੀਐਮ ਮਾਨ ਨੇ ਕਿਹਾ ਕਿ ਸਾਰੇ ਟਾਪਰ ਉਨ੍ਹਾਂ ਲਈ ਸਨਮਾਨ ਹਨ। ਉਨ੍ਹਾਂ ਵਿਦਿਆਥੀਆਂ ਨੂੰ ਕਿਹਾ ਕਿ ਇਹ ਪੜਾਅ ਤੁਹਾਡੇ ਲਈ ਮਹੱਤਵਪੂਰਨ ਹੈ। ਇਸ ਤੋਂ ਬਾਅਦ, ਤੁਹਾਡੇ ਕੈਰੀਅਰ ਵਿੱਚ ਇੱਕ ਮੋੜ ਆਵੇਗਾ, ਜਿਸ ਨਾਲ ਤੁਸੀਂ ਸਹੀ ਰਾਹ ਲੱਭ ਸਕੋ। ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਕੈਰੀਅਰ ਗਾਈਡੈਂਸ ਕੀਤੀ ਜਾ ਰਹੀ ਹੈ। ਪਹਿਲਾਂ ਇਹ ਗੱਲਾਂ ਨਹੀਂ ਦੱਸੀਆਂ ਜਾਂਦੀਆਂ ਸਨ, ਜਿਸ ਕਾਰਨ ਕਈ ਵਾਰ ਲੋਕ ਦੂਜਿਆਂ ਦੀ ਸਲਾਹ ਦੇ ਆਧਾਰ ‘ਤੇ ਗਲਤ ਵਿਕਲਪ ਚੁਣ ਲੈਂਦੇ ਸਨ। ਹੁਣ ਬਹੁਤ ਸਾਰੇ ਕਰੀਅਰ ਵਿਕਲਪ ਹਨ. ਉਨ੍ਹਾ ਵਿਦਿਆਥੀਆਂ ਨੂੰ ਸਲਾਹ ਦਿੱਤੀ ਕਿ ਜੋ ਵੀ ਤੁਸੀਂ ਕਰਨ ਦਾ ਫੈਸਲਾ ਕਰਦੇ ਹੋ, ਇਸਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰੋ ਅਤੇ ਅੱਗੇ ਵਧੋ।