ਦਲਜੀਤ ਕੌਰ
ਲਹਿਰਾਗਾਗਾ, 22 ਮਈ, 2025: ਲੋਕ ਚੇਤਨਾ ਮੰਚ, ਲਹਿਰਾਗਾਗਾ ਦੀ ਇੱਕ ਅਹਿਮ ਮੀਟਿੰਗ ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦੇ ਹੋਏ ਮੰਚ ਦੇ ਪ੍ਰੈੱਸ ਸਕੱਤਰ ਰਣਜੀਤ ਲਹਿਰਾ ਨੇ ਦੱਸਿਆ ਕਿ ਮੀਟਿੰਗ ਵਿੱਚ ਮੰਚ ਦੇ ਜਥੇਬੰਦਕ ਮਸਲੇ ਵਿਚਾਰੇ ਗਏ ਅਤੇ ਮੰਚ ਦੇ ਅਹੁਦੇਦਾਰਾਂ ਦੀ ਨਵੇਂ ਸਿਰਿਉਂ ਚੋਣ ਕੀਤੀ ਗਈ।
ਮੀਟਿੰਗ ਨੂੂੰ ਸੰਬੋਧਨ ਕਰਦਿਆਂ ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਨੇ ਕਿਹਾ ਕਿ ਮੰਚ ਇੱਕ ਜ਼ਮਹੂਰੀ ਸੰਸਥਾ ਹੈ ਜਿਹੜੀ ਆਪਸੀ ਸਹਿਮਤੀ ਅਤੇ ਸਹਿਯੋਗ ਨਾਲ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਮੰਚ ਨੇ ਦਿੱਲੀ ਦੇ ਇਤਿਹਾਸਕ ਕਿਸਾਨ ਅੰਦੋਲਨ ਸਮੇਤ ਪੰਜਾਬ ਦੇ ਵੱਖ ਵੱਖ ਤਬਕਿਆਂ ਦੇ ਸੰਘਰਸ਼ਾਂ ਵਿੱਚ ਭਰਵੀਂ ਸ਼ਮੂਲੀਅਤ ਕਰਕੇ ਪੰਜਾਬ ਭਰ ਵਿੱਚ ਆਪਣਾ ਨਾਮ ਬਣਾਇਆ ਹੈ। ਮੰਚ ਵਿੱਚ ਹਰ ਇੱਕ ਨੂੰ ਸਾਥੀ ਆਪਣੇ ਵਿਚਾਰ ਤੱਥਾਂ ਤੇ ਬਾਦਲੀਲ ਰੱਖਣੇ ਚਾਹੀਦੇ ਹਨ ਤਾਂ ਕਿ ਜਥੇਬੰਦੀ ਮਜ਼ਬੂਤੀ ਨਾਲ ਅੱਗੇ ਵਧ ਸਕੇ। ਭਰਵੇਂ ਵਿਚਾਰ ਵਟਾਂਦਰੇ ਉਪਰੰਤ ਮੰਚ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਮੰਚ ਦੇ ਸੀਨੀਅਰ ਆਗੂ ਜਗਦੀਸ਼ ਪਾਪੜਾ ਨੇ ਪੈਨਲ ਪੇਸ਼ ਕੀਤਾ ਕੀਤਾ ਜਿਸਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਜਿਸ ਵਿੱਚ ਗਿਆਨ ਚੰਦ ਸ਼ਰਮਾ ਨੂੰ ਪ੍ਰਧਾਨ, ਮਾਸਟਰ ਹਰਭਗਵਾਨ ਗੁਰਨੇ ਨੂੰ ਸਕੱਤਰ, ਜਗਜੀਤ ਭੁਟਾਲ ਮੀਤ ਪ੍ਰਧਾਨ, ਗੁਰਚਰਨ ਸਿੰਘ ਨੂੰ ਖਜਾਨਚੀ, ਰਣਜੀਤ ਲਹਿਰਾ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ।
ਮੀਟਿੰਗ ਨੇ ਇੱਕ ਵਿਸ਼ੇਸ਼ ਮਤਾ ਪਾਸ ਕਰਕੇ ਪਿੱਛਲੇ ਦਿਨੀ ਸਿਆਸੀ ਸ਼ਹਿ ਪ੍ਰਾਪਤ ਭੋਂ ਮਾਫ਼ੀਆ ਵੱਲੋਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮਾਸਟਰ ਨਿਰਭੈ ਸਿੰਘ ਖਾਈ ਤੇ ਕੀਤੇ ਕਾਤਲਾਨਾ ਹਮਲੇ ਖ਼ਿਲਾਫ਼ ਸਾਂਝੇ ਸੰਘਰਸ਼ ਵਿੱਚ ਪੂਰੀ ਤਾਕਤ ਨਾਲ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਗਿਆ। ਇੱਕ ਹੋਰ ਮਤੇ ਰਾਹੀਂ ਪੁਲ਼ਸ ਵੱਲੋਂ ਬੇਚਿਰਾਗ ਪਿੰਡ ਦੀ ਬੇਆਬਾਦ ਜ਼ਮੀਨ ਤੇ ਬੇਗਮਪੁਰਾ ਵਸਾਉਣ ਦੇ ਸੰਘਰਸ਼ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੈਂਕੜੇ ਕਾਰਕੁਨਾਂ ਨੂੰ ਗ੍ਰਿਫਤਾਰ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਮੀਟਿੰਗ ਵਿੱਚ 22 ਮਈ ਨੂੰ ਅਪ੍ਰੇਸ਼ਨ ਗਰੀਨ ਹੰਟ ਵਿਰੋਧੀ ਫਰੰਟ ਦੀ ਸੰਗਰੂਰ ਵਿਖੇ ਹੋਣ ਵਾਲੀ ਕਨਵੈਨਸ਼ਨ ਵਿੱਚ ਸ਼ਮੂਲੀਅਤ ਦਾ ਫੈਸਲਾ ਵੀ ਕੀਤਾ ਗਿਆ।
ਮੀਟਿੰਗ ਨੂੂੰ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਪਿਆਰਾ ਲਾਲ, ਮਾਸਟਰ ਰਘਬੀਰ ਭੁਟਾਲ, ਪੂਰਨ ਸਿੰਘ ਖਾਈ, ਮਹਿੰਦਰ ਸਿੰਘ, ਸ਼ਮਿੰਦਰ ਸਿੰਘ, ਵਰਿੰਦਰ ਭੁਟਾਲ, ਸੁਖਦੇਵ ਚੰਗਲੀਵਲਾ, ਪ੍ਰਵੀਨ ਖੋਖਰ, ਭੀਮ ਸਿੰਘ, ਰਾਮਚੰਦਰ ਸਿੰਘ ਖਾਈ, ਮਾਸਟਰ ਕੁਲਦੀਪ ਸਿੰਘ, ਡਾ: ਸੁਖਜਿੰਦਰ ਲਾਲੀ, ਗੁਰਪਿਆਰ ਸਿੰਘ, ਰਣਦੀਪ ਸੰਗਤਪੁਰਾ, ਜੋਰਾ ਸਿੰਘ ਗਾਗਾ, ਰਤਨਪਾਲ ਡੂਡੀਆਂ, ਤਰਸੇਮ ਭੋਲੂ ਨੇ ਵੀ ਸੰਬੋਧਨ ਕੀਤਾ।