ਦਲਜੀਤ ਕੌਰ
ਸੰਗਰੂਰ, 23 ਮਈ, 2025: ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜ਼ੋਨਲ ਕਮੇਟੀ ਦੀ ਮੀਟਿੰਗ ਪ੍ਰਧਾਨ ਮੁਕੇਸ਼ ਮਲੌਦ ਦੀ ਅਗਵਾਈ ਹੇਠ ਹੋਈ।
ਮੀਟਿੰਗ ਉਪਰੰਤ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਅਤੇ ਬਿੱਕਰ ਸਿੰਘ ਹਥੋਆ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬੀਤੀ 20 ਮਈ ਨੂੰ ਜੀਂਦ ਰਿਆਸਤ ਦੇ ਰਾਜੇ ਦੀ 927 ਏਕੜ ਜ਼ਮੀਨ ਵਿੱਚ ਬੇਗ਼ਮਪੁਰਾ ਵਸਾਉਣ ਜਾਂਦੇ ਦਲਿਤਾਂ ਉੱਪਰ ਪੁਲਿਸ ਜ਼ਬਰ ਢਾਹੁਣ ਅਤੇ ਸੈਂਕੜੇ ਔਰਤਾਂ ਮਰਦਾਂ ਦੀ ਨਜਾਇਜ਼ ਗ੍ਰਿਫ਼ਤਾਰੀ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਸ਼ਾਂਤਮਈ ਪ੍ਰਦਰਸ਼ਨ ਕਰਦੇ ਲੋਕਾਂ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਜਬਰੀ ਬੰਦ ਕਰਨ ਦੇ ਰਾਹ ਪਈ ਭਗਵੰਤ ਮਾਨ ਸਰਕਾਰ ਦਾ ਫਾਸ਼ੀਵਾਦੀ ਚਿਹਰਾ ਲੋਕਾਂ ਸਾਹਮਣੇ ਨੰਗਾ ਹੋਇਆ ਹੈ।
ਕਮੇਟੀ ਦੇ ਜੋਨਲ ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ ਅਤੇ ਜਗਤਾਰ ਤੋਲੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ਼ਾਰੇ ‘ਤੇ ਪੁਲਸੀਏ ਜਬਰ ਖਿਲਾਫ਼ ਅਤੇ ਬੇਕਸੂਰ ਲੋਕਾਂ ਦੀ ਰਿਹਾਈ ਲਈ 2 ਜੂਨ ਨੂੰ ਮੁੱਖ ਮੰਤਰੀ ਦੀ ਸੰਗਰੂਰ ਸਥਿਤ ਕੋਠੀ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਪਿੰਡਾਂ ਵਿੱਚ ਲੋਕਾਂ ਦੀ ਵਿਸ਼ਾਲ ਲਾਮਬੰਦੀ ਲਈ ਪਿੰਡਾਂ ਵਿੱਚ ਮੀਟਿੰਗਾਂ, ਰੈਲੀਆਂ ਕਰਨ ਦਾ ਫੈਸਲਾ ਕਰਦਿਆਂ ਲੋਕਾਂ ਨੂੰ ਸੰਗਰੂਰ ਦੀ ਅਨਾਜ ਮੰਡੀ ਵਿੱਚ ਇਕੱਠੇ ਹੋ ਕੇ ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕਰਨ ਲਈ ਵਿਉਂਤਬੰਦੀ ਵੀ ਕੀਤੀ ਗਈ। ਇਸ ਮੌਕੇ ਉਪਰੋਕਤ ਤੋਂ ਬਿਨ੍ਹਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਆਗੂ ਗੁਰਚਰਨ ਘਰਾਚੋਂ ਅਤੇ ਗੁਰਵਿੰਦਰ ਬੌੜਾਂ ਆਦਿ ਵੀ ਹਾਜ਼ਰ ਸਨ।