ਮੋਹਾਲੀ, 23 ਮਈ 2025: ਦੇਸ਼ ਕਲਿੱਕ ਬਿਓਰੋ
ਅੱਜ ਮੋਹਾਲੀ ਜ਼ਿਲ੍ਹੇ ਦੇ ਵੱਖ-ਵੱਖ, ਸਨਅਤਕਾਰਾਂ, ਆਰ.ਡਬਲਯੂ.ਏ ਅਤੇ ਵਪਾਰ ਮੰਡਲ ਦੇ ਅਹੁਦੇਦਾਰਾਂ ਵੱਲੋਂ ਪੰਜਾਬ ਟਰੇਡਰਜ਼ ਕਮਿਸ਼ਨ ਦੇ ਮੈਂਬਰ ਵਨੀਤ ਵਰਮਾ ਦੀ ਅਗਵਾਈ ਵਿੱਚ ਬਿਜਲੀ ਦੇ ਲੱਗ ਰਹੇ ਕੱਟਾਂ ਦੇ ਸਬੰਧ ਵਿੱਚ ਸੁਖਜੀਤ ਸਿੰਘ ਡਿਪਟੀ ਚੀਫ਼ ਇੰਜੀਨੀਅਰ, ਮੋਹਾਲੀ ਸਰਕਲ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਮੋਹਾਲੀ ਵਾਸੀਆਂ ਵੱਲੋਂ ਬਿਜਲੀ ਦੀ ਆ ਰਹੀ ਸਮੱਸਿਆਂ ਬਾਰੇ ਵਿਚਾਰ ਵਟਾਦਰਾਂ ਕੀਤਾ ਗਿਆ। ਮੀਟਿੰਗ ਦੌਰਾਨ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਇਨ੍ਹਾਂ ਦਿਨਾਂ ਵਿੱਚ ਦਰੱਖਤਾਂ ਦੀ ਕਟਾਈ ਦੀ ਕੋਈ ਖਾਸ ਲੋੜ ਨਾ ਹੋਣ ਕਾਰਨ, ਅਜਿਹੇ ਪਰਮਿਟ ਜਾਰੀ ਨਾ ਕੀਤੇ ਜਾਣ।
ਮੀਟਿੰਗ ਦੌਰਾਨ ਪੰਜਾਬ ਟਰੇਡਰਜ਼ ਕਮਿਸ਼ਨ ਦੇ ਮੈਂਬਰ ਵਨੀਤ ਵਰਮਾ ਵੱਲੋਂ ਡਿਪਟੀ ਚੀਫ਼ ਇੰਜੀਨੀਅਰ ਨੂੰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਕਿ ਬਿਜਲੀ ਬੰਦ ਰੱਖਣ ਦਾ ਪਰਮਿਟ ਬਹੁਤ ਹੀ ਖਾਸ ਹਾਲਾਤਾਂ ਚ ਦਿੱਤਾ ਜਾਵੇ ਅਤੇ ਇਸ ਦਾ ਘੱਟ ਤੋਂ ਘੱਟ ਸਮਾਂ ਰੱਖਿਆ ਜਾਵੇ। ਮੀਟਿੰਗ ਦੌਰਾਨ ਡਿਪਟੀ ਚੀਫ਼ ਇੰਜੀਨੀਅਰ ਨੇ ਕਿਹਾ ਕਿ ਬਿਜਲੀ ਦੀ ਕੋਈ ਕਮੀ ਨਹੀਂ ਹੈ ਪਰ ਦੋ ਦਿਨ ਪਹਿਲਾਂ ਚੱਲੀਆਂ ਤੂਫ਼ਾਨੀ ਹਵਾਵਾਂ ਨੇ ਸਪਲਾਈ ਲਾਈਨਾਂ ਦਾ ਬਹੁਤ ਨੁਕਸਾਨ ਕੀਤਾ, ਜਿਸ ਕਾਰਨ ਇਹ ਮੁਸ਼ਕਿਲ ਬਣੀ। ਉਨ੍ਹਾਂ ਕਿਹਾ ਕਿ ਹੁਣ ਇਹ ਪ੍ਰਭਾਵਿਤ ਲਾਈਨਾਂ ਤੇ ਸਪਲਾਈ ਬਹਾਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿਥੇ ਵੀ ਬੁਨਿਆਦੀ ਢਾਂਚੇ ਲਈ ਬਿਜਲੀ ਦੀ ਲੋੜ ਹੁੰਦੀ ਹੈ, ਸਰਕਾਰ ਆਪਣੇ ਵੱਲੋਂ ਲੋਕਾਂ ਨੂੰ 24 ਘੰਟੇ ਬਿਜਲੀ ਦੇਣ ਲਈ ਪੂਰੀ ਤਨਦੇਹੀ ਨਾਲ ਪਾਬੰਦ ਹੈ।
ਵਨੀਤ ਵਰਮਾ ਨੇ ਮੰਗ ਰੱਖੀ ਕਿ ਮੋਹਾਲੀ ਸਮੇਤ ਡੇਰਾਬਸੀ ਅਤੇ ਖਰੜ ਨੂੰ 24 ਘੰਟੇ ਬਿਜਲੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਗਰਮੀ ਦੇ ਸੀਜ਼ਨ ਦੌਰਾਨ ਬਿਜਲੀ ਦੀ ਕਮੀ ਨੂੰ ਪੂਰਾ ਕਰਨ ਲਈ ਬਿਜਲੀ ਵਿਭਾਗ ਦੀਆਂ ਟੀਮਾਂ ਨੂੰ ਪੂਰੀ ਤਰਾਂ ਸਰਗਰਮ ਰੱਖਿਆ ਜਾਵੇ।
ਡਿਪਟੀ ਚੀਫ਼ ਇੰਜੀਨੀਅਰ ਨੇ ਕਿਹਾ ਕਿ ਮਸ਼ੀਨਰੀ ਦੀ ਕਿਸੇ ਤਰ੍ਹਾਂ ਦੀ ਖਰਾਬੀ ਨੂੰ ਬਿਜਲੀ ਵਿਭਾਗ ਵੱਲੋਂ ਤੁਰੰਤ ਠੀਕ ਕਰ ਦਿੱਤਾ ਜਾਂਦਾ ਹੈ। ਐਰੋਸਿਟੀ ਵਿੱਚ ਨਵਾਂ ਗਰਿੱਡ ਖੁੱਲ ਚੁੱਕਾ ਹੈ, ਜਿਸ ਵਿੱਚ ਲਗਭੱਗ 150 ਮੁਲਾਜ਼ਮ ਮੋਹਾਲੀ ਨੂੰ ਮਿਲ ਚੁੱਕੇ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਬਿਜਲੀ ਸਪਲਾਈ ਦੇਣ ਲਈ ਪੂਰੀ ਤਰ੍ਹਾਂ ਗੰਭੀਰ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ, ਦੁਕਾਨਦਾਰਾਂ, ਸ਼ਹਿਰ ਵਾਸੀਆਂ ਵੱਲੋਂ ਦਿੱਤੇ ਗਏ ਸੁਝਾਅ ਜਲਦੀ ਹੀ ਮੰਨੇ/ਪੂਰੇ ਕੀਤੇ ਜਾਣਗੇ।
ਇਸ ਮੀਟਿੰਗ ਦੌਰਾਨ ਅਮਰਦੀਪ ਕੌਰ, ਡਾਇਰੈਕਟਰ ਪਨਬਸ, ਸੀਤਲ ਸਿੰਘ, ਚੇਅਰਮੈਨ ਵਪਾਰ ਮੰਡਲ ਮੋਹਾਲੀ, ਸੁਰਿੰਦਰ ਸਿੰਘ ਅਤੇ ਹਰਮਨਦੀਪ ਸਿੰਘ ਜ਼ਿਲ੍ਹਾ ਮੁਹਾਲੀ ਆਬਕਾਰੀ ਵਿਭਾਗ ਦੇ ਕਮੇਟੀ ਮੈਂਬਰ, ਫੌਜਾ ਸਿੰਘ ਪ੍ਰਧਾਨ, ਮੋਟਰ ਮਾਰਕੀਟ, ਪਰਲਾਦ ਸਿੰਘ, ਪ੍ਰਧਾਨ, ਫੇਜ਼ 7 ਆਰ.ਡਬਲਯੂ.ਏ. ਦੇ , ਦੀਪਇੰਦਰ ਸਿੰਘ ਖਾਰਾ, ਕੁਲਵਿੰਦਰ ਸਿੰਘ ਡੇਰਾਬੱਸੀ ਹਾਜ਼ਰ ਸਨ।