ਚੰਡੀਗੜ੍ਹ, 27 ਮਈ, 2025: ਦੇਸ਼ ਕਲਿੱਕ ਬਿਓਰੋ
ਭ੍ਰਿਸ਼ਟਾਚਾਰ ਵਿਰੁੱਧ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪਟਵਾਰੀ ਰਣਜੀਤ ਸਿੰਘ ਦੇ ਸਹਾਇਕ ਸੁੱਖਾ ਨੂੰ ਜ਼ਮੀਨੀ ਰਿਕਾਰਡ ‘ਚ ਸੁਧਾਈ ਬਦਲੇ 4,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਕਪੂਰਥਲਾ ਸ਼ਹਿਰ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਇੱਕ ਬੈਂਕ ਤੋਂ 10 ਲੱਖ ਰੁਪਏ ਦਾ ਮਕਾਨ ਲੈਣ ਲਈ ਕਰਜ਼ੇ ਵਾਸਤੇ ਅਰਜ਼ੀ ਦਿੱਤੀ ਸੀ। ਤਸਦੀਕ ਦੌਰਾਨ ਉਸਦੇ ਜਾਇਦਾਦ ਦੇ ਦਸਤਾਵੇਜ਼ਾਂ ਵਿੱਚ ਖਸਰਾ ਅਤੇ ਫਰਦ ਨੰਬਰਾਂ ਵਿੱਚ ਅੰਤਰ ਪਾਇਆ ਗਿਆ ਅਤੇ ਉਸਨੇ ਤਹਿਸੀਲ ਦਫ਼ਤਰ ਵਿੱਚ ਸੁਧਾਰ ਲਈ ਅਰਜ਼ੀ ਦਿੱਤੀ, ਜਿੱਥੇ ਤਹਿਸੀਲਦਾਰ ਨੇ ਉਸਦੀ ਅਰਜ਼ੀ ਨੂੰ ਕਾਰਵਾਈ ਲਈ ਪਟਵਾਰੀ ਰਣਜੀਤ ਸਿੰਘ ਕੋਲ ਭੇਜ ਦਿੱਤਾ।
ਉਨ੍ਹਾਂ ਕਿਹਾ ਕਿ ਜਦੋਂ ਸ਼ਿਕਾਇਤਕਰਤਾ ਨੇ ਪਟਵਾਰੀ ਦੇ ਉਕਤ ਸਹਾਇਕ ਸੁੱਖਾ ਨਾਲ ਸੰਪਰਕ ਕੀਤਾ ਤਾਂ ਉਸ ਨੇ ਰਿਸ਼ਵਤ ਦੀ ਪੇਸ਼ਗੀ ਰਕਮ ਵਜੋਂ 1,000 ਰੁਪਏ ਦੀ ਮੰਗ ਕੀਤੀ ਸੀ ਅਤੇ 4-5 ਦਿਨਾਂ ਵਿੱਚ ਉਸਦਾ ਕੰਮ ਪੂਰਾ ਕਰਨ ਦਾ ਵਾਅਦਾ ਕੀਤਾ ਸੀ। ਉਸ ਤੋਂ ਤਿੰਨ ਦਿਨਾਂ ਬਾਅਦ ਸੁੱਖੇ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਹੁਣ ਇਸ ਕੰਮ ਲਈ 6,000 ਰੁਪਏ ਦੀ ਹੋਰ ਰਿਸ਼ਵਤ ਦੇਣੀ ਪਵੇਗੀ। ਇਸ ਤੋਂ ਤੰਗ ਆ ਕੇ ਸ਼ਿਕਾਇਤਕਰਤਾ ਨੇ 26 ਮਈ ਨੂੰ ਸਿੱਧਾ ਪਟਵਾਰੀ ਰਣਜੀਤ ਸਿੰਘ ਨਾਲ ਸੰਪਰਕ ਕੀਤਾ, ਜਿਸਨੇ ਉਸਨੂੰ ਸੁੱਖੇ ਕੋਲ ਭੇਜ ਦਿੱਤਾ। ਇਸ ਵਾਰ ਸਹਾਇਕ ਸੁੱਖਾ ਨੇ ਆਪਣੀ ਰਿਸ਼ਵਤ ਦੀ ਮੰਗ ਵਧਾ ਕੇ 8,000 ਰੁਪਏ ਕਰ ਦਿੱਤੀ ਅਤੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਆਮ ਤੌਰ ‘ਤੇ ਇਸ ਕੰਮ ਨੂੰ 20 ਦਿਨ ਲਗਦੇ ਹਨ ਪਰ ਪੈਸੇ ਦੇ ਕੇ ਇਹ ਕੰਮ ਜਲਦੀ ਕਰਵਾਇਆ ਜਾ ਸਕਦਾ ਹੈ। ਗੱਲਬਾਤ ਤੋਂ ਬਾਅਦ ਦੋਵਾਂ ਦਰਮਿਆਨ ਸੌਦਾ 4,000 ਰੁਪਏ ‘ਚ ਤੈਅ ਹੋ ਗਿਆ ਅਤੇ ਸੁੱਖੇ ਨੇ ਸ਼ਿਕਾਇਤਕਰਤਾ ਨੂੰ ਇਸਦੀ ਤੁਰੰਤ ਔਨਲਾਈਨ ਅਪਡੇਟਸ ਦੇਣ ਦਾ ਭਰੋਸਾ ਦਿੱਤਾ। ਸ਼ਿਕਾਇਤਕਰਤਾ ਨੇ ਸਾਰੀ ਗੱਲਬਾਤ ਰਿਕਾਰਡ ਕੀਤੀ ਕਰਕੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੀਤੀ।
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਤਸਦੀਕ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਸੁੱਖੇ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ 4000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਪੁਲਿਸ ਥਾਣਾ ਜਲੰਧਰ ਰੇਂਜ ਵਿਖੇ ਕੇਸ ਦਰਜ ਕੀਤਾ ਗਿਆ ਹੈ ਅਤੇ ਇਹ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਪਟਵਾਰੀ ਰਣਜੀਤ ਸਿੰਘ ਦੀ ਇਸ ਰਿਸ਼ਵਤਖੋਰੀ ਦੀ ਕਾਰਵਾਈ ਵਿੱਚ ਕੀ ਭੂਮਿਕਾ ਹੈ।