ਮੋਹਾਲੀ, 28 ਮਈ, ਦੇਸ਼ ਕਲਿੱਕ ਬਿਓਰੋ :
ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਆਮ ਆਦਮੀ ਪਾਰਟੀ ’ਤੇ ਤੀਖੇ ਸਬਦਾਂ ’ਚ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਿੱਲੀ ’ਚ ਚੋਣਾਂ ਦੀ ਹਾਰ ਤੋਂ ਬਾਅਦ ਆਪ ਨੇਤਾ ਹੁਣ ਪੰਜਾਬ ’ਚ ਢੇਰਾ ਲਾਕੇ ਬੈਠ ਗਏ ਹਨ ਅਤੇ ਰਾਜ ਦੇ ਸਾਧਨਾਂ ਦੀ ਖੁਲ੍ਹੀ ਲੁੱਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨੌਕਰੀਆਂ, ਉਦਯੋਗ ਅਤੇ ਮਾਈਨਿੰਗ ਤੋਂ ਬਾਅਦ ਹੁਣ ਇਹਨਾਂ ਦੀ ਨਜ਼ਰ ਪੰਜਾਬੀਆਂ ਦੀ ਜ਼ਮੀਨ ’ਤੇ ਹੈ।
ਗांव ਝੰਜੇੜੀ ਦੀ 276 ਏਕੜ ਜ਼ਮੀਨ ’ਤੇ ਪੰਜਾਬ ਸਰਕਾਰ ਵੱਲੋਂ ਜ਼ਬਰਦਸਤੀ ਕਬਜ਼ੇ ਦੇ ਵਿਰੁੱਧ ਚੱਲ ਰਹੇ ਕਿਸਾਨ-ਮਜ਼ਦੂਰ ਸੰਘਰਸ਼ ਨੂੰ ਸੰਬੋਧਨ ਕਰਦਿਆਂ ਡਾ. ਸ਼ਰਮਾ ਨੇ ਕਿਹਾ ਕਿ ਕਿਸੇ ਵੀ ਕੀਮਤ ’ਤੇ ਸਰਕਾਰ ਨੂੰ ਇਕ ਇੰਚ ਜ਼ਮੀਨ ਵੀ ਕਬਜ਼ਾ ਨਹੀਂ ਕਰਨ ਦਿੰਦੇ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸ਼ਰਾਬ ਕਾਰੋਬਾਰ ਤੋਂ ਲੈ ਕੇ ਰੇਤ ਮਾਈਨਿੰਗ ਤੱਕ ਬਾਹਰੀ ਆਪ ਨੇਤਾਵਾਂ ਨੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਅਸਲੀ ਸ਼ਰਾਬ ਦੇ ਨਾਮ ’ਤੇ ਨਕਲੀ ਸ਼ਰਾਬ ਵੇਚੀ ਜਾ ਰਹੀ ਹੈ, ਜਿਸ ਕਾਰਨ ਅਮ੍ਰਿਤਸਰ ’ਚ 25 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲੁਧਿਆਣਾ ’ਚ ਵੀ ਦੋ ਜਣੇ ਜਾਨ ਗਵਾ ਬੈਠੇ ਹਨ।
ਨੌਕਰੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ₹1 ਤੋਂ ₹1.5 ਲੱਖ ਮਹੀਨਾ ਤਨਖਾਹ ਵਾਲੇ ਐਡਵਾਈਜ਼ਰ ਵੀ ਗੈਰ-ਪੰਜਾਬੀ ਨੇ। ਉਨ੍ਹਾਂ ਕਿਹਾ ਕਿ ਰੂਪਨਗਰ, ਖਰੜ ਤੇ ਬੰਗਾ ਸਮੇਤ ਕਈ ਇਲਾਕਿਆਂ ’ਚ ਰੇਤ ਮਾਈਨਿੰਗ ’ਤੇ ਵੀ ਆਪ ਪਾਰਟੀ ਦਾ ਪੂਰਾ ਕਬਜ਼ਾ ਹੈ।
ਡਾ. ਸ਼ਰਮਾ ਨੇ ਲੈਂਡ ਪੁਲਿੰਗ ਐਕਟ ਨੂੰ “ਸੋਚੀ ਸਮਝੀ ਸਾਜ਼ਿਸ਼” ਕਰਾਰ ਦਿੰਦਿਆਂ ਕਿਹਾ ਕਿ ਇਸ ਰਾਹੀਂ ਗਲਾਡਾ, ਪੁਡਾ ਤੇ ਇੰਪ੍ਰੂਵਮੈਂਟ ਟਰਸਟ ਵਾਂਗੂ ਸਰਕਾਰੀ ਸੰਸਥਾਵਾਂ ਰਾਹੀਂ ਪੰਜਾਬੀਆਂ ਦੀ ਜ਼ਮੀਨ ਹੜਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਿੱਧਾ ਆਰੋਪ ਲਾਇਆ ਕਿ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਭਗਵੰਤ ਮਾਨ ਜ਼ਮੀਨ ਘਪਲੇ ਦੀ ਸਾਜ਼ਿਸ਼ ਰਚ ਰਹੇ ਹਨ।
ਉਨ੍ਹਾਂ ਕਿਹਾ ਕਿ 31 ਮਈ ਤੱਕ ਪੰਜਾਬ ਨੂੰ ਨਸ਼ਾਮੁਕਤ ਕਰਨ ਦੇ ਦਾਅਵੇ ਸਿਰਫ਼ ਹਵਾ ਹਵਾਈ ਸਾਬਤ ਹੋਏ ਹਨ। ਅੱਜ ਵੀ ਪਿੰਡਾਂ ਅਤੇ ਸ਼ਹਿਰਾਂ ’ਚ ਨਸ਼ਾ ਖੁੱਲ੍ਹਿਆਂ ਵੇਚਿਆ ਜਾ ਰਿਹਾ ਹੈ। ਕਾਨੂੰਨ ਵਿਵਸਥਾ ਦੀ ਹਾਲਤ ਬਿਆਨ ਕਰਦਿਆਂ ਉਨ੍ਹਾਂ ਕਿਹਾ ਕਿ ਅਮ੍ਰਿਤਸਰ ’ਚ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਪਾਰਸ਼ਦ ਦੀ ਹੱਤਿਆ ਹੋ ਗਈ ਤੇ ਬੰਬ ਧਮਾਕੇ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਆਖ਼ਰ ’ਚ ਡਾ. ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਭ੍ਰਿਸ਼ਟ ਤੇ ਅਨਿਆਈ ਸਰਕਾਰ ਦੇ ਖ਼ਿਲਾਫ਼ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ।