ਮੋਹਾਲੀ, 5 ਜੂਨ : ਦੇਸ਼ ਕਲਿੱਕ ਬਿਓਰੋ
ਸ਼੍ਰੋਮਣੀ ਅਕਾਲੀ ਦਲ ਹਲਕਾ ਮੋਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇਕ ਪੱਤਰ ਰਾਹੀਂ ਨਵੀਂ ਲੈਂਡ ਪੁਲਿੰਗ ਪਾਲਿਸੀ ‘ਚ ਆ ਰਹੀਆਂ ਤਰੁੱਟੀਆਂ ਤੇ ਕੜੀ ਨਾਰਾਜ਼ਗੀ ਜਤਾਈ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ 2025 ਦੀ ਨਵੀਂ ਲੈਂਡ ਪੁਲਿੰਗ ਸਕੀਮ ਗੁਪਤ ਢੰਗ ਨਾਲ ਤਿਆਰ ਕਰਕੇ ਛੋਟੇ ਭੋ-ਮਾਲਕਾਂ ਦੀ ਹੱਕਮਾਰੀ ਕੀਤੀ ਗਈ ਹੈ।
ਪਰਵਿੰਦਰ ਸਿੰਘ ਸੋਹਾਣਾ ਨੇ ਦੱਸਿਆ ਕਿ ਨਵੀਂ ਪਾਲਿਸੀ ਵਿੱਚ 1 ਤੋਂ 3 ਕਨਾਲ ਦੇ ਮਾਲਕਾਂ ਨੂੰ ਕਮਰਸ਼ੀਅਲ ਪਲਾਟ ਹੀ ਨਹੀਂ ਦਿੱਤੇ ਜਾ ਰਹੇ, ਜੋ ਪਿਛਲੀ ਸਰਕਾਰਾਂ ਦੇ ਸਮੇਂ ਮਿਲਦੇ ਸਨ। ਇਸ ਨਵੀਂ ਪਾਲਿਸੀ ਰਾਹੀਂ 1 ਕਨਾਲ ਦੇ ਮਾਲਕ ਨੂੰ ਸਿਰਫ 150 ਵ.ਗ ਰਿਹਾਇਸ਼ੀ ਰਕਬਾ ਮਿਲ ਰਿਹਾ ਹੈ, ਜਦਕਿ ਪਿਛਲੀ ਸਕੀਮ ‘ਚ ਉਸੇ ਨੂੰ 150 ਵ.ਗ ਰਿਹਾਇਸ਼ੀ ਦੇ ਨਾਲ 25 ਗਜ ਕਮਰਸ਼ੀਅਲ ਵੀ ਮਿਲਦਾ ਸੀ।
ਸਿਰਫ ਬਿਲਡਰਾਂ ਨੂੰ ਫਾਇਦਾ
ਪਰਵਿੰਦਰ ਸਿੰਘ ਸੋਹਾਣਾ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਨਵੀਂ ਸਕੀਮ ਵਿਚ ਵੱਡੇ ਬਿਲਡਰਾਂ ਨੂੰ ਲਾਭ ਪਹੁੰਚਾਉਣ ਲਈ ਛੋਟੇ ਭੋ-ਮਾਲਕਾਂ ਦੀ ਰਿਹਾਇਸ਼ੀ ਅਤੇ ਕਮਰਸ਼ੀਅਲ ਹਿੱਸਾ ਘਟਾ ਦਿੱਤਾ ਗਿਆ ਹੈ।
ਪੁਰਾਣੀ ਸਕੀਮ ਵਿੱਚ ਭੋ-ਮਾਲਕ ਵੱਖ-ਵੱਖ ਆਕਾਰਾਂ (100, 150, 200, 300, 500 ਵ.ਗ) ਦੇ ਪਲਾਟ ਚੁਣ ਸਕਦੇ ਸਨ। ਨਵੀਂ ਸਕੀਮ ਦੇ ਅਧੀਨ, ਇਹ ਚੋਣ ਖਤਮ ਕਰ ਦਿੱਤੀ ਗਈ ਹੈ ਅਤੇ ਪਲਾਟ ਵੇਚਣ ਉੱਤੇ ਵੀ ਔਕੜਾਂ ਲਗਾਈਆਂ ਗਈਆਂ ਹਨ।
ਵਾਧੂ ਲਾਭ ਤਾਂ ਪ੍ਰੋਮੋਟਰ ਨੂੰ
ਨਵੀਂ ਸਕੀਮ ਵਿੱਚ ਕਾਰਨਰ ਜਾਂ ਫੇੇਸਿੰਗ ਪਾਰਕ ਪਲਾਟ ਉੱਤੇ ਖਰੀਦਦਾਰ ਤੋਂ ਵਾਧੂ ਰਕਮ ਲੈਣ ਦੀ ਸ਼ਰਤ ਲਾਈ ਗਈ ਹੈ, ਪਰ ਭੋ-ਮਾਲਕਾਂ ਨੂੰ ਇਸਦਾ ਕੋਈ ਲਾਭ ਨਹੀਂ ਮਿਲ ਰਿਹਾ। ਉਲਟ, ਉਨ੍ਹਾਂ ਦੇ ਪਲਾਟਾਂ ਦੀ ਕੀਮਤ ਘਟ ਜਾ ਰਹੀ ਹੈ।
ਉਹਨਾਂ ਕਿਹਾ ਕਿ ਖਾਸ ਤੌਰ ਤੇ ਕਮਰਸ਼ੀਅਲ ਹਿੱਸਾ ਨਾ ਹੋਣ ਕਰਕੇ, ਛੋਟੇ ਪਲਾਟ ਮਾਲਕਾਂ ਦੇ ਪਰਿਵਾਰਾਂ ਦੇ ਨੌਜਵਾਨ ਬੇਰੁਜ਼ਗਾਰ ਹੋਣਗੇ। ਉਨ੍ਹਾਂ ਮੰਗ ਕੀਤੀ ਕਿ ਕਿਸਾਨ ਦਾ ਪੂਰਾ ਹੱਕ ਦਿੱਤਾ ਜਾਵੇ, ਨਾ ਕਿ ਉਸ ਦੀ ਜ਼ਮੀਨ ਮਨਮਰਜੀ ਨਾਲ ਗਮਾਡਾ ਅਕਵਾਇਰ ਕਰੇ।
ਉਨ੍ਹਾਂ ਨੇ ਮੰਗ ਕੀਤੀ ਕਿ ਜੇਕਰ ਨਵੀਂ ਸਕੀਮ ਤੋਂ ਕਮਰਸ਼ੀਅਲ ਹਿੱਸਾ ਹਟਾਇਆ ਗਿਆ ਹੈ ਤਾਂ ਘੱਟੋ-ਘੱਟ 3 ਗੁਣਾ ਰਿਹਾਇਸ਼ੀ ਰਕਬਾ ਦਿੱਤਾ ਜਾਵੇ। 1 ਕਨਾਲ ਦੇ ਮਾਲਕ ਨੂੰ 200 ਵ.ਗ, 2 ਕਨਾਲ ਵਾਲੇ ਨੂੰ 400 ਵ.ਗ, ਅਤੇ 3 ਕਨਾਲ ਦੇ ਮਾਲਕ ਨੂੰ 600 ਵ.ਗ ਦਾ ਰਿਹਾਇਸ਼ੀ ਹਿੱਸਾ ਮਿਲਣਾ ਚਾਹੀਦਾ ਹੈ।
ਉਨ੍ਹਾਂ ਨੇ ਸਪੈਸ਼ਲ ਐਲ.ਓ.ਆਈ ਦੀਆਂ ਸ਼ਰਤਾਂ ਨੂੰ ਵੀ ਗਲਤ ਦੱਸਦਿਆਂ ਕਿਹਾ ਕਿ ਜਦ ਤੱਕ ਜਮੀਨ ਮੌਜੂਦ ਹੈ, ਮਾਲਕ ਨੂੰ ਉਸ ਦੀ ਕਲੱਬਿੰਗ ਦੀ ਆਜ਼ਾਦੀ ਹੋਣੀ ਚਾਹੀਦੀ ਹੈ।
ਪਰਵਿੰਦਰ ਸਿੰਘ ਸੋਹਾਣਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਪੁਰਾਣੀ ਪਾਲਿਸੀ ਮੁੜ ਲਾਗੂ ਨਾ ਕੀਤੀ ਤਾਂ ਇਹ ਕਿਸਾਨ-ਵਿਰੋਧੀ ਅਤੇ ਲੋਕ-ਵਿਰੋਧੀ ਫੈਸਲਾ ਸਾਬਤ ਹੋਵੇਗਾ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਛੋਟੇ ਭੋ-ਮਾਲਕਾਂ ਦੇ ਹੱਕਾਂ ਦੀ ਰੱਖਿਆ ਕਰਦਿਆਂ ਪੁਰਾਣੀ ਪਾਲਿਸੀ ਦੀ ਵਾਪਸੀ ਯਕੀਨੀ ਬਣਾਈ ਜਾਵੇ।