ਰੂਪਨਗਰ ਦੇ ਸੀਮਨ ਸਟੇਸ਼ਨ ਨੂੰ ਮਿਲੀ ਆਈ.ਐਸ.ਓ. ਸਰਟੀਫਿਕੇਸ਼ਨ

ਪੰਜਾਬ

ਪੰਜਾਬ ਸਰਕਾਰ ਦਾ ਉਦੇਸ਼ ਮਿਆਰੀ ਸੀਮਨ ਸਟ੍ਰਾਅ ਪ੍ਰਦਾਨ ਕਰਕੇ ਪਸ਼ੂ ਪਾਲਕਾਂ ਦੀ ਆਮਦਨ ਨੂੰ ਵਧਾਉਣਾ: ਗੁਰਮੀਤ ਸਿੰਘ ਖੁੱਡੀਆਂ

ਚੰਡੀਗੜ੍ਹ, 16 ਜੁਲਾਈ: ਦੇਸ਼ ਕਲਿੱਕ ਬਿਓਰੋ

ਰੂਪਨਗਰ ਦੇ ਸੀਮਨ ਸਟੇਸ਼ਨ ਨੂੰ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਫ ਸਟੈਂਡਰਡਾਈਜ਼ੇਸ਼ਨ (ਆਈਐਸਓ) ਦੀ ਸਰਟੀਫਿਕੇਸ਼ਨ ਮਿਲਣ ਦੇ ਨਾਲ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਇੱਕ ਅਹਿਮ ਮੀਲ ਪੱਥਰ ਹਾਸਲ ਕੀਤਾ ਹੈ। ਇਹ ਸਰਟੀਫਿਕੇਸ਼ਨ ਪਸ਼ੂ ਪਾਲਣ ਸੇਵਾਵਾਂ ਵਿੱਚ ਗੁਣਵੱਤਾ ਦੇ ਮਿਆਰਾਂ ਪ੍ਰਤੀ ਵਿਭਾਗ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਇਸ ਪ੍ਰਾਪਤੀ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਦੇ ਦੋ ਸੀਮਨ ਬੈਂਕਾਂ ਨੇ ਆਈ.ਐਸ.ਓ. ਸਰਟੀਫੀਕੇਸ਼ਨ ਹਾਸਲ ਕੀਤੀ ਹੈ, ਜੋ ਕਿ ਸੂਬਾ ਸਰਕਾਰ ਦੇ ਦ੍ਰਿੜ੍ਹ ਸਮਰਪਣ ਨੂੰ ਦਰਸਾਉਂਦਾ ਹੈ। ਸੀਮਨ ਸਟੇਸ਼ਨ ਰੂਪਨਗਰ ਨੇ ਵਿੱਤੀ ਸਾਲ 2025-26 ਦੇ ਪਹਿਲੇ ਤਿੰਨ ਮਹੀਨਿਆਂ ਵਿੱਚ 1.06 ਲੱਖ ਸੀਮਨ ਸਟ੍ਰਾਅ ਤਿਆਰ ਕੀਤੇ ਹਨ, ਜਿਸ ਵੱਲੋਂ ਇੱਕ ਸਾਲ ਅੰਦਰ 5.20 ਲੱਖ ਸੀਮਨ ਸਟ੍ਰਾਅ ਪੈਦਾ ਕਰਨ ਦਾ ਟੀਚਾ ਹੈ।

ਇਸ ਪ੍ਰਾਪਤੀ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਸ. ਖੁੱਡੀਆਂ ਨੇ ਕਿਹਾ ਕਿ ਵਿਭਾਗ ਦੇ ਆਧੁਨਿਕੀਕਰਨ ਨਾਲ ਕਿਸਾਨਾਂ ਨੂੰ ਡੇਅਰੀ ਅਤੇ ਪਸ਼ੂ ਪਾਲਣ ਵਰਗੇ ਸਹਾਇਕ ਖੇਤੀ ਧੰਦਿਆਂ ਰਾਹੀਂ ਆਪਣੀ ਆਮਦਨ ਵਧਾਉਣ ਵਿੱਚ ਮਦਦ ਮਿਲੇਗੀ।

ਸ. ਖੁੱਡੀਆਂ ਨੇ ਦੱਸਿਆ ਕਿ ਨਾਭਾ ਦੇ ਸੀਮਨ ਸਟੇਸ਼ਨ ਨੂੰ ਭਾਰਤ ਸਰਕਾਰ ਦੁਆਰਾ ਆਈਐਸਓ 9001:2015 ਪ੍ਰਾਪਤ ਹੈ ਅਤੇ ਇਸਨੂੰ ਗ੍ਰੇਡ ‘ਏ’ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਾਭਾ ਦੇ ਸੀਮਨ ਸਟੇਸ਼ਨ ਨੇ ਵਿੱਤੀ ਸਾਲ 2025-26 ਦੇ ਪਹਿਲੇ ਤਿੰਨ ਮਹੀਨਿਆਂ ਵਿੱਚ 3,11,000 ਸੀਮਨ ਸਟ੍ਰਾਅ ਪੈਦਾ ਕੀਤੇ ਹਨ, ਜਿਸ ਵੱਲੋਂ ਇੱਕ ਸਾਲ ਅੰਦਰ 16.39 ਲੱਖ ਸੀਮਨ ਸਟ੍ਰਾਅ ਪੈਦਾ ਕਰਨ ਦਾ ਟੀਚਾ ਹੈ, ਜੋ ਕਿ ਪਿਛਲੇ ਸਾਲ ਨਾਲੋਂ ਵੱਧ ਹੈ।

ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਦੇ ਹਰ ਕੋਨੇ ਤੱਕ ਚੰਗੀ ਨਸਲ ਦੇ ਸੀਮਨ ਸਟ੍ਰਾਅ ਪਹੁੰਚਾ ਕੇ ਪਸ਼ੂ ਪਾਲਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਟ੍ਰਾਅਜ਼ ਦੀ ਵਰਤੋਂ ਨਾਲ ਚੰਗੀ ਨਸਲ ਦੀਆਂ ਕੱਟੀਆਂ/ਵੱਛੀਆਂ ਪੈਦਾ ਕਰਨ ਲਈ ਕੀਤੀ ਜਾਂਦੀ ਹੈ, ਜਿਸ ਨਾਲ ਦੁੱਧ ਉਤਪਾਦਨ ਨੂੰ ਰਿਕਾਰਡ ਪੱਧਰ ਤੱਕ ਵਧਾਉਣ ਵਿੱਚ ਮਦਦ ਮਿਲਦੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।