ਪਹਿਲ ਦਾ ਉਦੇਸ਼ ਬੱਚਿਆਂ ਨੂੰ ਬਿਨਾਂ ਕਿਸੇ ਕੀਮਤ ਦੇ ਪੌਸ਼ਟਿਕ, ਭਰਪੂਰ ਖੁਰਾਕ ਪ੍ਰਦਾਨ ਕਰਨਾ- ਚੇਅਰਮੈਨ ਬਾਲ ਮੁਕੰਦ ਸ਼ਰਮਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਜੁਲਾਈ, 2025:
Nutrition gardens in schools and Anganwadis: ਪੰਜਾਬ ਰਾਜ ਖੁਰਾਕ ਕਮਿਸ਼ਨ ਨੇ ਰਾਜ ਭਰ ਦੇ ਸਕੂਲਾਂ ਅਤੇ ਆਂਗਣਵਾੜੀਆਂ ਵਿੱਚ ਪੋਸ਼ਣ ਗਾਰਡਨ ਸਥਾਪਤ ਕਰਨ ਦੀ ਪਹਿਲ ਦਾ ਪ੍ਰਸਤਾਵ ਰੱਖਿਆ ਹੈ, ਇਹ ਐਲਾਨ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਅੱਜ ਐਸ ਏ ਐਸ ਨਗਰ ਦੇ ਆਪਣੇ ਦੌਰੇ ਦੌਰਾਨ ਕੀਤਾ।
ਰਾਸ਼ਟਰੀ ਖੁਰਾਕ ਸੁਰੱਖਿਆ ਮਿਸ਼ਨ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਵੱਖ-ਵੱਖ ਜ਼ਿਲ੍ਹਾ ਵਿਭਾਗਾਂ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ, ਚੇਅਰਮੈਨ ਸ਼ਰਮਾ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਅਤੇ ਰਾਜ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਇੱਕ ਲੰਬੇ ਸਮੇਂ ਦੀ ਯੋਜਨਾ ਤਿਆਰ ਕੀਤੀ ਗਈ ਹੈ। ਯੋਜਨਾ ਨੂੰ ਰਾਜ ਸਰਕਾਰ ਤੋਂ ਲੋੜੀਂਦੀਆਂ ਪ੍ਰਵਾਨਗੀਆਂ ਮਿਲ ਗਈਆਂ ਹਨ, ਜਿਸ ਨਾਲ ਬੱਚਿਆਂ ਦੀ ਸਿਹਤ ਅਤੇ ਪੋਸ਼ਣ ਸੰਬੰਧੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।
ਇਸ ਪਹਿਲ ਦੇ ਤਹਿਤ, ਘੱਟੋ-ਘੱਟ 625 ਵਰਗ ਗਜ਼ ਉਪਲਬਧ ਖਾਲੀ ਥਾਂ ਵਾਲੇ ਸਕੂਲਾਂ ਅਤੇ ਆਂਗਣਵਾੜੀਆਂ ਨੂੰ ਪੋਸ਼ਣ ਗਾਰਡਨ (nutrition gardens in schools and Anganwadis) ਸਥਾਪਤ ਕਰਨ ਲਈ ਤਰਜੀਹ ਦਿੱਤੀ ਜਾਵੇਗੀ।ਇਨ੍ਹਾਂ ਬਗੀਚਿਆਂ ਵਿੱਚ ਮੌਸਮੀ ਫਲ ਅਤੇ ਸਬਜ਼ੀਆਂ ਉਗਾਏ ਜਾਣਗੇ, ਜੋ ਸਕੂਲੀ ਵਿਦਿਆਰਥੀਆਂ (ਮਿਡ-ਡੇਅ ਮੀਲ ਸਕੀਮ ਦੇ ਹਿੱਸੇ ਵਜੋਂ) ਅਤੇ ਆਂਗਣਵਾੜੀ ਬੱਚਿਆਂ (ਸਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਦੇ ਹਿੱਸੇ ਵਜੋਂ) ਨੂੰ ਪਰੋਸੇ ਜਾਣਗੇ।
ਚੇਅਰਮੈਨ ਸ਼ਰਮਾ ਨੇ ਕਿਹਾ ਕਿ ਕੁਝ ਸਕੂਲਾਂ ਅਤੇ ਆਂਗਣਵਾੜੀਆਂ ਵਿੱਚ ਮੌਜੂਦਾ ਘਰੇਲੂ ਬਗੀਚੀਆਂ ਨੇ ਸਕਾਰਾਤਮਕ ਨਤੀਜੇ ਦਿੱਤੇ ਹਨ, ਜੋ ਕਮਿਸ਼ਨ ਦੇ ਬੱਚਿਆਂ ਲਈ ਸੰਤੁਲਿਤ ਅਤੇ ਪੋਸ਼ਣ-ਭਰਪੂਰ ਖੁਰਾਕ ‘ਤੇ ਜ਼ੋਰ ਦੇਣ ਦੇ ਉਪਰਾਲਿਆਂ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਮੋਹਾਲੀ ਜ਼ਿਲ੍ਹਾ ਅਧਿਕਾਰੀਆਂ ਨੂੰ ਜੰਗਲਾਤ, ਬਾਗਬਾਨੀ, ਖੇਤੀਬਾੜੀ ਵਿਭਾਗਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਤਾਲਮੇਲ ਕਰਕੇ ਇਸ ਪਹਿਲਕਦਮੀ ਵਿੱਚ ਜ਼ਿਲ੍ਹੇ ਵਿੱਚ ਪਹਿਲ ਕਰਨ ਦੇ ਨਿਰਦੇਸ਼ ਦਿੱਤੇ। ਇਨ੍ਹਾਂ ਥਾਵਾਂ ਤੇ ਪੀ ਏ ਯੂ ਦੁਆਰਾ ਸਿਫ਼ਾਰਸ਼ ਕੀਤੀਆਂ ਗਈਆਂ ਸਿਰਫ਼ ਦੇਸੀ ਫਲਾਂ ਦੀਆਂ ਕਿਸਮਾਂ ਦੀ ਹੀ ਕਾਸ਼ਤ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਮੀਟਿੰਗ ਵਿੱਚ, ਉਨ੍ਹਾਂ ਨੇ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਰਾਸ਼ਨ ਦੀ ਵੰਡ, ਈ-ਕੇ ਵਾਈ ਸੀ ਨਾਮਾਂਕਣ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਮਿਡ-ਡੇਅ ਮੀਲ ਅਤੇ ਆਂਗਣਵਾੜੀਆਂ ਰਾਹੀਂ ਸਪਲੀਮੈਂਟਰੀ ਨਿਊਟ੍ਰੀਸ਼ਨ, ਮੈਡੀਕਲ ਟੀਮਾਂ ਦੁਆਰਾ ਸਕੂਲ ਅਤੇ ਆਂਗਣਵਾੜੀ ਬੱਚਿਆਂ ਦੀ ਸਿਹਤ ਜਾਂਚ, ਬਿਮਾਰੀਆਂ ਨਾਲ ਪੀੜਤ ਬੱਚਿਆਂ ਲਈ ਡਾਕਟਰੀ ਇਲਾਜ ਫਾਲੋ-ਅੱਪ ਸਮੇਤ ਕਈ ਭਲਾਈ ਯੋਜਨਾਵਾਂ ਦੀ ਸਥਿਤੀ ਦੀ ਸਮੀਖਿਆ ਕੀਤੀ।
ਚੇਅਰਮੈਨ ਨੇ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਮਿਸ਼ਨ ਅਧੀਨ ਆਉਣ ਵਾਲੀ ਹਰੇਕ ਸੰਸਥਾ ਨੂੰ ਕਮਿਸ਼ਨ ਦੀ ਹੈਲਪਲਾਈਨ ਅਤੇ ਸ਼ਿਕਾਇਤ ਨਿਵਾਰਣ ਨੰਬਰ – 9876764545 ਨੂੰ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪਾਲਣਾ ਨਾ ਕਰਨ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਫਾਈ ਅਤੇ ਭੋਜਨ ਸੁਰੱਖਿਆ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਅਧਿਕਾਰੀਆਂ ਨੂੰ ਕੁੱਕ ਅਤੇ ਰਸੋਈ ਦੇ ਖੇਤਰਾਂ ਦੀ ਸਹੀ ਸਫਾਈ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਦਰਸ਼ਨਜੀਤ ਸਿੰਘ ਨੇ ਦੱਸਿਆ ਕਿ ਰਾਜ ਸਰਕਾਰ ਨੇ ਜ਼ਿਲ੍ਹਾ ਸਕੂਲਾਂ ਵਿੱਚ ਗੈਰ-ਸਟੀਲ ਭਾਂਡਿਆਂ ਨੂੰ ਸਟੀਲ ਵਾਲੇ ਭਾਂਡਿਆਂ ਨਾਲ ਬਦਲਣ ਲਈ 1.06 ਕਰੋੜ ਰੁਪਏ ਜਾਰੀ ਕੀਤੇ ਹਨ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਜ਼ਿਲ੍ਹੇ ਭਰ ਵਿੱਚ ਪੋਸ਼ਣ ਗਾਰਡਨ ਸਥਾਪਤੀ ਦੇ ਉਪਰਾਲੇ ਕੀਤੇ ਜਾਣਗੇ।
ਮੀਟਿੰਗ ਵਿੱਚ ਏ ਡੀ ਸੀ ਸੋਨਮ ਚੌਧਰੀ, ਡੀ ਐਫ ਐਸ ਸੀ ਨਵਰੀਤ, ਐਮ ਡੀ ਮਾਰਕਫੈੱਡ ਨਵਿਤਾ ਰਾਣੀ, ਅਤੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਅੰਮ੍ਰਿਤ ਵੜਿੰਗ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।