ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵਲੋਂ ਜ਼ਿਲ੍ਹਾ ਪੱਧਰੀ ਕਨਵੈਨਸ਼ਨ 10 ਅਗਸਤ ਨੂੰ

ਪੰਜਾਬ

ਮਾਨਸਾ, 25 ਜੁਲਾਈ 2025, ਦੇਸ਼ ਕਲਿੱਕ ਬਿਓਰੋ :
ਮੋਦੀ ਸਰਕਾਰ ਵਲੋਂ ਹਰ ਖੇਤਰ ਵਿੱਚ ਸੰਘਰਸ਼ਸ਼ੀਲ ਜਮਹੂਰੀ ਸ਼ਕਤੀਆਂ, ਧਾਰਮਿਕ ਘੱਟ ਗਿਣਤੀਆਂ ਅਤੇ ਸਮਾਜ ਦੇ ਦਲਿਤ ਸ਼ੋਸ਼ਿਤ ਤਬਕਿਆਂ ਉਤੇ ਕੀਤੇ ਜਾ ਰਹੇ ਫਾਸ਼ੀਵਾਦੀ ਹਮਲਿਆਂ ਖਿਲਾਫ ਜਨਤਾ ਨੂੰ ਜਾਗਰਤ ਤੇ ਜਥੇਬੰਦ ਕਰਨ ਲਈ ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਵਲੋਂ ਹਰ ਜ਼ਿਲ੍ਹੇ ਵਿੱਚ ਕੀਤੀ ਜਾ ਰਹੀ ਲਾਮਬੰਦੀ ਦੇ ਫੈਸਲੇ ਤਹਿਤ 10 ਅਗਸਤ ਨੂੰ ਬਾਬਾ ਬੂਝਾ ਸਿੰਘ ਭਵਨ ਵਿਖੇ ਇਕ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ।
ਇਹ ਐਲਾਨ ਅੱਜ ਇਥੇ ਫਰੰਟ ਵਿੱਚ ਸ਼ਾਮਲ ਕਮਿਉਨਿਸਟ ਤੇ ਇਨਕਲਾਬੀ ਪਾਰਟੀਆਂ ਦੀ ਇਕ ਸਾਂਝੀ ਮੀਟਿੰਗ ਤੋਂ ਬਾਅਦ ਕੀਤਾ ਗਿਆ। ਪ੍ਰੈਸ ਨੂੰ ਸੰਬੋਧਨ ਕਰਦਿਆਂ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸ਼ਨ ਚੌਹਾਨ, ਆਰ ਐਮ ਪੀ ਆਈ ਦੇ ਆਗੂ ਕਾਮਰੇਡ ਆਤਮਾ ਰਾਮ ਸਰਦੂਲਗੜ੍ਹ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕਾਮਰੇਡ ਜਗਮੇਲ ਸਿੰਘ ਨੇ ਪ੍ਰੈੱਸ ਨੂੰ ਦਸਿਆ ਕਿ ਮੋਦੀ ਸਰਕਾਰ ਡਰ, ਜਬਰ ਤੇ ਹੇਰਾਫੇਰੀਆਂ ਦੇ ਬਲ ‘ਤੇ ਸਤਾ ਵਿੱਚ ਬਣੀ ਰਹਿਣਾ ਚਾਹੁੰਦੀ ਹੈ। ਪੰਜਾਬ ਵਿੱਚ ਆਪ ਸਰਕਾਰ ਵੀ ਕਿਸਾਨਾਂ ਮਜ਼ਦੂਰਾਂ ਤੇ ਬੇਰੁਜ਼ਗਾਰਾਂ ਦੀ ਆਵਾਜ਼ ਨੂੰ ਪੁਲਿਸ ਜਬਰ ਆਸਰੇ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਅਜਿਹੇ ਜਬਰ ਤੇ ਹਮਲਿਆਂ ਖਿਲਾਫ ਜਨਤਾ ਨੂੰ ਸੰਗਠਿਤ ਕਰਨ ਵਾਲਾ ਇਕ ਸਿਆਸੀ ਮੋਰਚਾ ਹੈ। ਆਗੂਆਂ ਵਲੋਂ ਜ਼ਿਲ੍ਹਾ ਮਾਨਸਾ ਦੇ ਜਮਹੂਰੀ ਤੇ ਸੈਕੂਲਰ ਸੋਚ ਵਾਲੇ ਸਮੂਹ ਲੋਕਾਂ ਨੂੰ ਅਤੇ ਹਮਖਿਆਲ ਸੋਚ ਵਾਲੇ ਸਾਰੇ ਸੰਗਠਨਾਂ ਨੂੰ 10 ਅਗਸਤ ਨੂੰ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਹੋ ਰਹੀ ਇਸ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਇਸ ਸਾਂਝੀ ਮੀਟਿੰਗ ਵਿੱਚ ਕਾਮਰੇਡ ਨਛੱਤਰ ਸਿੰਘ ਖੀਵਾ, ਰਤਨ ਭੋਲਾ, ਅਮਰੀਕ ਸਿੰਘ ਫਫੜੇ, ਗਗਨਦੀਪ ਸਿਰਸੀਵਾਲਾ, ਬੂਟਾ ਸਿੰਘ ਅਤੇ ਹਰਬੰਸ ਸਿੰਘ ਵੀ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।