ਮੁੱਖ ਮੰਤਰੀ ਭਗਵੰਤ ਮਾਨ ਨਾਲ 28 ਦੀ ਮੀਟਿੰਗ ਤੈਅ
ਚੰਡੀਗੜ੍ਹ, 25 ਜੁਲਾਈ 2025, ਦੇਸ਼ ਕਲਿੱਕ ਬਿਓਰੋ :
ਈ-ਕੇਵਾਈਸੀ ਅਤੇ ਐਫ ਆਰ ਐਸ ਦੇ ਵਿਰੁੱਧ ਅੱਜ ਪੰਜਾਬ ਦੀਆਂ ਹਜ਼ਾਰਾਂ ਆਂਗਣਵਾੜੀ ਵਰਕਰਾਂ ਨੇ ਚੰਡੀਗੜ੍ਹ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੀਆਂ ਹੋ ਕੇ ਸਰਕਾਰ ਵਿਰੁੱਧ ਜ਼ਬਰਦਸਤ ਵਿਰੋਧ ਕੀਤਾ। ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਬੈਨਰ ਹੇਠ ਅੱਜ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬ ਦੇ ਕੋਨੇ ਕੋਨੇ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪਹੁੰਚੀਆਂ। ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਪਣੇ ਅਤੇ ਲਾਭਪਾਤਰੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਤਾਨਾਸ਼ਾਹੀ ਦੇ ਖਿਲਾਫ ਝੰਡੇ ਅਤੇ ਬੈਨਰ ਲੈ ਕੇ ਆਪਣੇ ਰੋਸ ਦਾ ਪ੍ਰਗਟਾਵਾ ਕਰਨ ਲਈ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਆਂਗਣਵਾੜੀ ਵਰਕਰਾਂ ਹੈਲਪਰਾਂ ਨੇ ਆਕਾਸ਼ ਗੰਜਾਊ ਨਾਰਿਆਂ ਨਾਲ ਆਪਣਾ ਦਰਦ ਸੁਣਾਉਂਦੇ ਹੋਏ ਕਿਹਾ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਆਂਗਣਵਾੜੀ ਵਰਕਰਾਂ ਹੈਲਪਰਾ ਤੋਂ ਬਿਨਾਂ ਹਥਿਆਰ ਦਿੱਤੇ ਜਬਰਨ ਕੰਮ ਕਰਾਉਣ ਲਈ ਤਾਨਾਸ਼ਾਹੀ ਰਵਈਆ ਅਪਣਾਇਆ ਹੋਇਆ ਹੈ । ਜੋ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਸਰਕਾਰ ਵੱਲੋਂ ਮੁੱਖ ਮੰਤਰੀ ਨਾਲ 28 ਜੁਲਾਈ ਦੀ ਮੀਟਿੰਗ ਦਾ ਸਮਾਂ ਦਿੱਤਾ ਗਿਆ।
ਯੂਨੀਅਨ ਨੇ ਗਵਰਨਰ ਹਾਊਸ ਵੱਲ ਪਹੁੰਚ ਕੇ ਮੰਗ ਪੱਤਰ ਦੇਣਾ ਸੀ, ਇਸ ਲਈ ਗਵਰਨਰ ਹਾਊਸ ਵੱਲੋਂ ਐਸਡੀਐਮ ਮੈਡਮ ਨੇ ਮਤੇ ਪ੍ਰਾਪਤ ਕੀਤੇ ਅਤੇ ਮੰਗ ਪੱਤਰ ਲੈ ਗਿਆ।
ਅੱਜ ਦੀ ਇਸ ਰੋਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ਼੍ਰੀਮਤੀ ਊਸ਼ਾ ਰਾਣੀ ਨੇ ਕਿਹਾ ਕਿ ਅੱਜ ਦੇਸ਼ ਵਿੱਚ ਭੁੱਖ ਮਰੀ ਦਾ ਚਾਰਟ ਦੇਖਿਆ ਜਾਵੇ ਤਾਂ 127 ਦੇਸ਼ਾਂ ਵਿੱਚੋਂ ਭਾਰਤ 107 ਵੇਂ ਨੰਬਰ ਤੇ ਹੈ । ਦੇਸ਼ ਵਿੱਚ ਕਪੋਸ਼ਣ ਲਗਾਤਾਰ ਵੱਧ ਰਿਹਾ ਹੈ । ਬੱਚਿਆਂ ਵਿੱਚ ਔਸਤਨ ਲੰਬਾਈ ਦਰ ਘੱਟ ਰਹੀ ਹੈ । ਔਰਤਾਂ ਅਤੇ ਕਸ਼ੋਰੀਆਂ ਵੱਡੀ ਗਿਣਤੀ ਵਿੱਚ ਅਨੀਮੀਅਤ ਹਨ ਅਤੇ ਦੂਜੇ ਪਾਸੇ ਸਰਕਾਰ ਪੋਸ਼ਣ ਦੇ ਨਾਂ ਉੱਤੇ ਦਿੱਤੇ ਜਾਣ ਵਾਲੇ ਸਪਲੀਮੈਂਟਰੀ ਨਿਊਟਰੇਸ਼ਨ ਵੰਡ ਲਈ ਬੇਲੋੜੀਆਂ ਸ਼ਰਤਾਂ ਲਗਾ ਕੇ ਲਾਭਪਾਤਰੀਆਂ ਦੇ ਲਾਭ ਤੋਂ ਵਾਂਝਾ ਕਰਨਾ ਚਾਹੁੰਦੀ ਹੈ ।

ਉਹਨਾਂ ਨੇ ਕਿਹਾ ਕਿ ਸਰਕਾਰ ਬਜਟ ਵਧਾਉਣ ਦੀ ਜਗ੍ਹਾ ਪੋਸ਼ਣ ਟਰੈਕ ਦੇ ਨਾਂ ਤੇ ਨਿਗਰਾਨੀ ਕਰ ਟੇਡੇ ਰਸਤੇ ਦੁਆਰਾ ਲਾਭ ਤੋਂ ਵਾਂਝੇ ਕਰਨਾ ਚਾਹੁੰਦੀ ਹੈ । ਮੋਬਾਇਲ ਈ.ਕੇ.ਵਾਈ.ਸੀ ਅਤੇ ਫੇਸ਼ੀਅਲ ਰੀਕੋਗਨਾਈਜੇਸ਼ਨ ਸਿਸਟਮ(ਐਫ. ਆਰ.ਐਸ)ਦੇ ਨਾਂ ਤੇ ਗਰੀਬ ਲੋਕਾਂ ਦੇ ਮੂੰਹ ਦਾ ਨਿਵਾਲਾ ਖੋ ਲੈਣਾ ਚਾਹੁੰਦੀ ਹੈ । ਪ੍ਰਧਾਨ ਮੰਤਰੀ ਮਾਤਰਤ ਬੰਧਨਾ ਯੋਜਨਾ ਦਾ ਲਾਭ ਜੋ ਪਹਿਲਾਂ ਵੀ ਬਹੁਤ ਸਾਰੀਆਂ ਸ਼ਰਤਾਂ ਨਾਲ ਮਿਲਦਾ ਹੈ। ਉਸਦੇ ਨਾਲ ਵੀ ਪੋਸ਼ਣ ਟ੍ਰੈਕ ਨਾਲ ਫੇਜ ਆਈਡੀ ਜੋੜਨੀ ਲਾਭ ਤੋਂ ਵਾਂਝੇ ਕਰਨਾ ਹੈ । ਇਹ ਬੇਲੋੜੀਆਂ ਸ਼ਰਤਾਂ ਸਰਕਾਰ ਦੀ ਨੀਤੀ ਨੂੰ ਸਾਫ ਜਾਹਰ ਕਰਦੀਆਂ ਹਨ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਇਸਤਰੀਆਂ ਅਤੇ ਬਾਲਾਂ ਦੇ ਸਿਹਤ ਅਤੇ ਨਿਊਟਰੇਸ਼ਨ ਲਈ ਕਿੰਨਾ ਸੰਜੀਦਾ ਹੈ । ਇਹ ਗੱਲਾਂ ਤੋਂ ਸਪਸ਼ਟ ਹੋ ਜਾਂਦਾ ਹੈ । ਕੇਂਦਰ ਸਰਕਾਰ ਟੇਕ ਹੋਮ ਰਾਸ਼ਨ ਦੇ ਕੇ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਰਹੀ ਹੈ ਕਿਉਂਕਿ ਮਾਨਯੋਗ ਸੁਪਰੀਮ ਕੋਟ ਦੇ ਹੁਕਮ ਹਨ ਤਾਜਾ ਪੱਕਿਆ ਹੋਇਆ ਭੋਜਨ ਦਿੱਤਾ ਜਾਵੇ ।ਇੱਥੇ ਇੱਕ ਚੀਜ਼ ਹੋਰ ਵੀ ਸਪਸ਼ਟ ਹੁੰਦੀ ਹੈ ਕਿ ਸੁੱਕਾ ਰਾਸ਼ਨ ਦੇ ਕੇ ਅਸੀਂ ਕਪੋਸ਼ਨ ਉੱਤੇ ਕਾਬੂ ਨਹੀਂ ਪਾ ਸਕਦੇ । ਕਿਉਂਕਿ ਅਸੀਂ ਜਾਣੂ ਹਾਂ ਕਿ ਬੱਚੇ ਦਲੀਆ ਖਿਚੜੀ ਘਰਾਂ ਵਿੱਚ ਖਾ ਕੇ ਖੁਸ਼ ਨਹੀਂ ਹਨ। ਪਰ ਜੇਕਰ ਆਂਗਣਵਾੜੀ ਕੇਂਦਰ ਵਿੱਚ ਪੱਕਿਆ ਹੋਇਆ ਭੋਜਨ ਬਿਠਾ ਕੇ ਖਾਇਆ ਜਾਂਦਾ ਹੈ ਤਾਂ ਘੱਟੋ ਘੱਟ 30% ਬੱਚੇ ਦੇ ਅੰਦਰ ਜਾਂਦਾ ਹੈ ਅਤੇ ਕਪੋਸ਼ਨ ਪ੍ਰਤੀ ਆਪਣਾ ਕਾਰਜ ਕਰਦਾ ਹੈ। ਅੱਜ ਕੁਰਕੁਰੇ ਲੇਜਰ ਅਤੇ ਮੈਗੀ ਬੱਚਿਆਂ ਦੀ ਪਸੰਦ ਹਨ ਜਿਸ ਕਾਰਨ ਲਗਾਤਾਰ ਅਨੀਮੀਆ ,ਔਸਤਨ ਲੰਬਾਈ ਅਤੇ ਕਪੋਸ਼ਨ ਵੱਧ ਰਿਹਾ ਹੈ।

ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਕਿਹਾ ਕਿ ਆਂਗਣਵਾੜੀ ਕੇਂਦਰ ਦੁਆਰਾ ਦਿੱਤੀ ਜਾਣ ਵਾਲੀ ਸਪਲੀਮੈਂਟਰੀ ਨਿਊਟਰੇਸ਼ਨ ਜਿਸ ਵਿੱਚ ਖਿਚੜੀ, ਨਮਕੀਨ ਦਲੀਆ, ਮਿੱਠਾ ਦਲੀਆ ਤੇ ਮੁਰਮੁਰਾ ਸ਼ਾਮਿਲ ਹੈ ਜੋ ਮਹੀਨੇ ਦਾ 540-600 ਗਰਾਮ ਪ੍ਰਤੀ ਐਟਮ ਆਉਂਦਾ ਹੈ ਜੋ ਆਂਗਣਵਾੜੀ ਦੇ ਲਾਭਪਾਤਰੀ ਨੂੰ ਦੇਣਾ ਹੁੰਦਾ ਹੈ ਜਿਸ ਵਿੱਚ ਗਰਭਵਤੀ ਔਰਤਾਂ ਦੁੱਧ ਪਿਲਾਉਣ ਵਾਲੀਆਂ ਮਾਵਾਂ ਜੀਰੋ ਤੋਂ ਲੈ ਕੇ ਛੇ ਸਾਲ ਤੱਕ ਦੇ ਬੱਚੇ ਸ਼ਾਮਿਲ ਹਨ ਤੇ ਇਹਨਾਂ ਲਾਭਪਾਤਰੀਆਂ ਵਿੱਚੋਂ 80% ਲੋਕਾਂ ਕੋਲ ਮੋਬਾਈਲ ਨਹੀਂ ਹਨ । ਜੇ ਕਿਸੇ ਕੋਲ ਹੈ ਤਾਂ ਆਧਾਰ ਲਿੰਕ ਨਹੀਂ ਹੈ ਤੇ ਕੇ.ਵਾਈ.ਸੀ ਵਰਗੀਆਂ ਬੇਲੋੜੀਆਂ ਸ਼ਰਤਾਂ ਲਾ ਕੇ ਆਂਗਣਵਾੜੀ ਵਰਕਰ ਨੂੰ ਵੀ ਹੈਰਾਸ਼ ਕੀਤਾ ਜਾ ਰਿਹਾ ਹੈ ਤੇ ਲਾਭਪਾਤਰੀਆਂ ਨੂੰ ਵੀ ਮਾਨਸਿਕ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮੀਤ ਪ੍ਰਧਾਨ ਕ੍ਰਿਸ਼ਨਾ ਕੁਮਾਰੀ ਤੇ ਸਕੱਤਰ ਮਨਦੀਪ ਕੁਮਾਰੀ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਆਪਣੇ ਮੈਨੀਫੈਸਟੋ ਵਿੱਚ ਗਰੰਟੀ ਕੀਤੀ ਗਈ ਸੀ ਕਿ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਦੁਗਣਾ ਮਾਣ ਭੱਤਾ ਦਿੱਤਾ ਜਾਵੇਗਾ। ਦੁਗਣਾ ਮਾਨ ਭੱਤਾ ਤਾਂ ਕੀ ਦੇਣਾ ਸੀ । ਜੋ ਪਹਿਲਾਂ ਤੋਂ ਮਿਲ ਰਿਹਾ ਮਾਣ ਭੱਤਾ ਹੈ ਉਹ ਵੀ ਸਮੇਂ ਸਿਰ ਨਹੀਂ ਆ ਰਿਹਾ। ਕਦੇ ਪੰਜਾਬ ਵਾਲੀ ਕਿਸ਼ਤ ਮਿਲਦੀ ਹੈ ਤੇ ਕਦੇ ਕੇਂਦਰ ਸਰਕਾਰ ਦਾ ਸ਼ੇਅਰ ਮਿਲਦਾ ਹੈ। ਪਰ ਵਿਭਾਗ ਦੀ ਤਾਨਾਸ਼ਾਹੀ ਇਥੋਂ ਤੱਕ ਵਧ ਗਈ ਹੈ ਕਿ ਬਿਨਾਂ ਹਥਿਆਰ ਦਿੱਤੇ ਨਗੂਣਾ ਜਿਹਾ ਮਾਣਭੱਤਾ ਵੀ ਰੋਕਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਉਹਨਾਂ ਨੇ ਕਿਹਾ ਕਿ ਆਂਗਣਵਾੜੀ ਵਰਕਰ ਹੈਲਪਰਾ ਨੂੰ ਮਾਨਭੱਤਾ ਆਈ.ਸੀ.ਡੀ.ਐਸ ਦੀਆਂ ਛੇ ਸੇਵਾਵਾਂ ਦਾ ਦਿੱਤਾ ਜਾਂਦਾ ਹੈ ਨਾ ਕਿ ਪੋਸ਼ਣ ਟਰੈਕ ਦਾ ਆਂਗਣਵਾੜੀ ਵਰਕਰਾਂ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾਉਂਦੀਆਂ ਹਨ । ਯੂਨੀਅਨ ਮੰਗ ਕਰਦੀ ਹੈ ਕਿ ਵਿਭਾਗੀ ਤਾਨਾਸ਼ਾਹੀ ਨੂੰ ਤੁਰੰਤ ਰੋਕਿਆ ਜਾਵੇ । ਮਾਨ ਭੱਤੇ ਨੂੰ ਦੁਗਣਾ ਕੀਤਾ ਜਾਵੇ । ਲਾਭਪਾਤਰੀਆਂ ਨੂੰ ਦਿੱਤੇ ਜਾਣ ਵਾਲੇ ਲਾਭਾਂ ਵਿੱਚ ਕੇ ਵਾਈ.ਸੀ ਅਤੇ ਐਫ ਆਰ ਐਸ ਵਰਗੀਆਂ ਬੇਲੋੜੀਆਂ ਸ਼ਰਤਾਂ ਖਤਮ ਕੀਤੀਆ ਜਾਣ । ਅੱਜ ਦੇ ਧਰਨੇ ਵਿੱਚ ਜੁਆਇੰਟ ਸਕੱਤਰ ਗੁਰਦੀਪ ਕੌਰ, ਮੀਤ ਪ੍ਰਧਾਨ ਬਲਰਾਜ ਕੌਰ, ਅਨੂਪ ਕੌਰ, ਗੁਰਬਖਸ਼ ਕੌਰ ,ਗੁਰਮਿੰਦਰ ਕੌਰ, ਪ੍ਰਤਿਭਾ ਸ਼ਰਮਾ, ਗੁਰਮੀਤ ਕੌਰ ਚੁੰਨੀ, ਸਕੱਤਰ ਵਰਿੰਦਰ ਕੌਰ, ਨਿਰਲੇਪ ਕੌਰ, ਸਤਵੰਤ ਕੌਰ ,ਸੁਰਜੀਤ ਕੌਰ ਸਕੱਤਰ, ਭਿੰਦਰ ਕੌਰ ਗੌਸਲ, ਗੁਰਪ੍ਰੀਤ ਕੌਰ, ਰਣਜੀਤ ਕੌਰ, ਗੁਰਮੇਲ ਕੌਰ ,ਬਲਜੀਤ ਕੌਰ ,ਸ਼ਾਂਤੀ ਦੇਵੀ, ਅੰਜੂ ਸ਼ਰਮਾ, ਜਸਵਿੰਦਰ ਕੌਰ ਨੀਲੋਵਾਲ, ਤ੍ਰਿਸ਼ਣਜੀਤ ਕੌਰ, ਬੇਅੰਤ ਕੌਰ ਨੇ ਸੰਬੋਧਨ ਕੀਤਾ ।