ਐੱਸ.ਏ.ਐੱਸ.ਨਗਰ, 26 ਜੁਲਾਈ, ਦੇਸ਼ ਕਲਿੱਕ ਬਿਓਰੋ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬ ਦੀ ਰਵਾਇਤੀ ਤੇ ਸੱਭਿਆਚਾਰਕ ਵਿਰਾਸਤ ਨੂੰ ਉਜਾਗਰ ਕਰਦੇ ਹੋਏ ਤੀਆਂ/ਤੀਜ ਦਾ ਤਿਉਹਾਰ ਬੋਰਡ ਦਫਤਰ ਵਿਖੇ ਮਨਾਇਆ ਗਿਆ। ਮਹਿਲਾ ਸੰਸਕ੍ਰਿਤੀ ਅਤੇ ਰਿਸ਼ਤਿਆਂ ਦੀ ਮਿੱਠਾਸ ਦਾ ਪ੍ਰਤੀਕ ਦਾ ਇਹ ਤਿਉਹਾਰ ਹਰ ਸਾਲ ਸਾਉਣ ਮਹੀਨੇ ਦੌਰਾਨ ਮਨਾਇਆ ਜਾਂਦਾ ਹੈ।
ਸਮਾਰੋਹ ਦੀ ਸ਼ੁਰੂਆਤ ਡਾ. ਸੰਗੀਤਾ ਤੂਰ, ਡਾਇਰੈਕਟਰ, ਪੰਜਾਬ ਪਸ਼ੂ ਪਾਲਣ ਵਿਭਾਗ ਦੇ ਸਵਾਗਤ ਨਾਲ ਹੋਈ । ਡਾ. ਤੂਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੇ ਤਿਉਹਾਰ ਸਾਡੀਆਂ ਮੁਟਿਆਰਾਂ ਨੂੰ ਆਪਣੇ ਮੂਲ ਸੱਭਿਆਚਾਰ ਅਤੇ ਵਿਰਾਸਤ ਨਾਲ ਜੋੜਣ ਵਿੱਚ ਸਹਾਈ ਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਤੀਆਂ ਦਾ ਤਿਉਹਾਰ ਸਿਰਫ ਇੱਕ ਰਿਵਾਇਤੀ ਸਮਾਰੋਹ ਨਹੀਂ, ਸਗੋਂ ਮਹਿਲਾ ਸ਼ਕਤੀ, ਸਮਾਜਿਕ ਏਕਤਾ ਅਤੇ ਸਾਂਝ ਦਾ ਪ੍ਰਤੀਕ ਹੈ।
ਸਮਾਗਮ ਵਿੱਚ ਸਿੱਖਿਆ ਬੋਰਡ ਦੀਆਂ ਮਹਿਲਾ ਕਰਮਚਾਰੀਆਂ/ਅਧਿਕਾਰੀਆਂ ਵੱਲੋਂ ਗਿੱਧੇ ਦੀਆਂ ਵੱਖ ਵੱਖ ਮਨਮੋਹਕ ਅਤੇ ਆਕਰਸ਼ਕ ਪ੍ਰਸਤੁਤੀਆਂ ਨਾਲ ਹਾਜ਼ਰੀਨ ਨੂੰ ਕੀਲਿਆ। ਇਸ ਤੋਂ ਇਲਾਵਾ ਸੋਲੋ ਡਾਂਸ ਅਤੇ ਲੋਕ ਗੀਤ ਵੀ ਸਰੋਤਿਆਂ ਲਈ ਖਿੱਚਦਾ ਕੇਂਦਰ ਬਣੇ। ਲੋਕ ਗੀਤਾਂ ਅਤੇ ਬੋਲੀਆਂ ਨੇ ਸਮਾਗਮ ਨੂੰ ਹੋਰ ਰਸਭਿੰਨਾ ਕਰ ਦਿੱਤਾ । ਇਸ ਮੌਕੇ ਪੰਜਾਬੀ ਹੱਥ-ਕਲਾਵਾਂ, ਰਵਾਇਤੀ ਵਸਤਾਂ, ਤਸਵੀਰਾਂ, ਪੰਜਾਬੀ ਸੂਟਾਂ ਅਤੇ ਪੁਰਾਤਨ ਵਸਤਾਂ ਪ੍ਰਦਰਸ਼ਨੀ ਵੀ ਲਗਾਈ ਗਈ। ਸਮਾਰੋਹ ਤੋਂ ਬਾਅਦ ਸਾਰੇ ਹਾਜ਼ਰੀਨਾਂ ਲਈ ਰਵਾਇਤੀ ਪੰਜਾਬੀ ਭੋਜਨ ਦੇ ਸਟਾਲਾਂ ਦਾ ਇੰਤਜ਼ਾਮ ਵੀ ਕੀਤਾ ਗਿਆ ਅਤੇ ਅੰਤ ਵਿੱਚ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਗਏ।
ਤੀਆਂ ਦੇ ਇਸ ਸਮਾਰੋਹ ਦਾ ਆਯੋਜਨ ਸਿੱਖਿਆ ਬੋਰਡ ਦੇ ਪੰਜਾਬੀ ਭਾਸ਼ਾ ਵਿਕਾਸ ਸੈਲ ਵੱਲੋਂ ਕੀਤਾ ਗਿਆ ਅਤੇ ਇਹ ਸਮਾਰੋਹ ਪੰਜਾਬੀ ਸਭਿਆਚਾਰ ਅਤੇ ਮਹਿਲਾ ਸਸ਼ਕਤੀਕਰਨ ਦੀ ਇੱਕ ਜਿਉਂਦੀ ਜਾਗਦੀ ਤਸਵੀਰ ਸੀ। ਬੋਰਡ ਵੱਲੋਂ ਕੀਤੇ ਐਲਾਨ ਅਨੁਸਾਰ ਹਰ ਸਾਲ ਅਜਿਹੇ ਤਿਉਹਾਰ ਨਿਯਮਤ ਤੌਰ ‘ਤੇ ਮਨਾਏ ਜਾਇਆ ਕਰਨਗੇ।